ਨਕਸਲੀਆਂ ਨੂੰ ਅਮਿਤ ਸ਼ਾਹ ਦੀ ਅਪੀਲ, ਕਿਹਾ- ਹਥਿਆਰ ਛੱਡੋ
Sunday, Dec 15, 2024 - 06:03 PM (IST)
ਜਗਦਲਪੁਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਨਕਸਲੀਆਂ ਨੂੰ ਹਥਿਆਰ ਛੱਡ ਕੇ ਮੁੱਖ ਧਾਰਾ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਦਾ ਮੁੜਵਸੇਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਥਾਨਕ ਖੇਡ ਸਮਾਗਮ ''ਬਸਤਰ ਓਲੰਪਿਕ'' ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਦੇਸ਼ ਮਾਰਚ 2026 ਤੱਕ ਨਕਸਵਾਦ ਤੋਂ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਨਕਸਲੀਆਂ ਨੂੰ ਅਪੀਲ ਕਰਦਾ ਹਾਂ ਕਿ ਕਿਰਪਾ ਕਰਕੇ ਅੱਗੇ ਆਉਣ। ਹਥਿਆਰ ਛੱਡੋ, ਸਮਰਪਣ ਕਰੋ ਅਤੇ ਮੁੱਖ ਧਾਰਾ ਵਿਚ ਸ਼ਾਮਲ ਹੋਵੋ। ਤੁਹਾਡਾ ਮੁੜਵਸੇਬਾ ਸਾਡੀ ਜ਼ਿੰਮੇਵਾਰੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ ਵਿਚ ਛੱਤੀਸਗੜ੍ਹ ਪੁਲਸ ਨੇ ਨਕਸਲਵਾਦ ਵਿਰੁੱਧ ਲੜਾਈ ਵਿਚ ਅਹਿਮ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਿਛਲੇ ਇਕ ਸਾਲ ਦੌਰਾਨ 287 ਨਕਸਲੀ ਮਾਰੇ ਗਏ, 1000 ਗ੍ਰਿਫ਼ਤਾਰ ਕੀਤੇ ਗਏ ਅਤੇ 837 ਨਕਸਲੀਆਂ ਨੇ ਆਤਮ ਸਮਰਪਣ ਕੀਤਾ। ਸ਼ਾਹ ਨੇ ਕਿਹਾ ਕਿ ਛੱਤੀਸਗੜ੍ਹ ਪੁਲਸ ਨੇ ਦੇਸ਼ ਦੇ ਸੁਰੱਖਿਆ ਬਲਾਂ ਨਾਲ ਮਿਲ ਕੇ ਪਿਛਲੇ ਇਕ ਸਾਲ 'ਚ ਨਕਸਲਵਾਦ ਦੇ ਤਾਬੂਤ 'ਚ ਆਖਰੀ ਕਿੱਲ ਠੋਕਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਵਿਚ ਇਹ ਪਹਿਲੀ ਵਾਰ ਹੈ ਕਿ ਨਕਸਲੀ ਹਿੰਸਾ ਵਿਚ ਮਾਰੇ ਗਏ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਦੀ ਗਿਣਤੀ 100 ਤੋਂ ਘੱਟ ਹੋਈ ਹੈ।