ਅਮਿਤ ਸ਼ਾਹ ਬੋਲੇ- ਸਾਡੀ ਸਰਕਾਰ ਦੀ ਅੱਤਵਾਦ ਖਿਲਾਫ਼ ''ਜ਼ੀਰੋ ਟਾਲਰੈਂਸ'' ਨੀਤੀ
Friday, Mar 21, 2025 - 05:53 PM (IST)

ਨਵੀਂ ਦਿੱਲੀ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲਾ ਦੇ ਕੰਮਕਾਜ 'ਤੇ ਚਰਚਾ ਦਾ ਰਾਜ ਸਭਾ ਵਿਚ ਜਵਾਬ ਦਿੱਤਾ। ਸ਼ਾਹ ਨੇ ਕਿਹਾ ਕਿ ਸਾਡੀ ਸਰਕਾਰ ਅੱਤਵਾਦ 'ਤੇ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ। ਅੱਤਵਾਦ, ਨਕਸਲਵਾਦ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਜੰਮ-ਕਸ਼ਮੀਰ ਤੋਂ ਧਾਰਾ-370 ਨੂੰ ਖਤਮ ਕੀਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਪਹਿਲਾਂ ਗੁਆਂਢੀ ਦੇਸ਼ ਤੋਂ ਅੱਤਵਾਦੀ ਸਰਹੱਦ ਪਾਰ ਕਰ ਕੇ ਆਉਂਦੇ ਸਨ ਅਤੇ ਇੱਥੇ ਧਮਾਕੇ ਕਰਦੇ ਸਨ, ਕਤਲ ਕਰਦੇ ਸਨ।
ਸ਼ਾਹ ਨੇ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਅਜਿਹਾ ਕੋਈ ਤਿਉਹਾਰ ਨਹੀਂ ਸੀ ਜੋ ਬਿਨਾਂ ਕਿਸੇ ਚਿੰਤਾ ਦੇ ਮਨਾਇਆ ਜਾਂਦਾ ਸੀ। ਕੇਂਦਰ ਸਰਕਾਰ ਦਾ ਰਵੱਈਆ ਲਚੀਲਾ ਸੀ। ਉਹ ਚੁੱਪ ਰਹਿੰਦੇ ਸਨ ਅਤੇ ਬੋਲਣ ਤੋਂ ਡਰਦੇ ਸਨ। ਉਨ੍ਹਾਂ ਨੂੰ ਆਪਣੇ ਵੋਟ ਬੈਂਕ ਦੀ ਚਿੰਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ 'ਚ ਆਉਣ ਮਗਰੋਂ ਅਸੀਂ ਅੱਤਵਾਦ ਖਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ। ਸਾਡੀ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਵੀ ਉੜੀ ਅਤੇ ਪੁਲਵਾਮਾ 'ਤੇ ਹਮਲੇ ਹੋਏ। ਅਸੀਂ ਪਾਕਿਸਤਾਨ ਵਿਚ ਦਾਖ਼ਲ ਹੋ ਕੇ ਏਅਰ ਸਟਰਾਈਕ ਅਤੇ ਸਰਜੀਕਲ ਸਟਰਾਈਕ ਜ਼ਰੀਏ ਉਸ ਨੂੰ ਮੂੰਹ-ਤੋੜ ਜਵਾਬ ਦਿੱਤਾ।
ਸ਼ਾਹ ਨੇ ਕਿਹਾ ਕਿ ਸਦਨ ਨੇ 5 ਅਗਸਤ 2019 ਨੂੰ ਧਾਰਾ-370 ਨੂੰ ਖਤਮ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ 'ਸਾਡੇ ਸੰਵਿਧਾਨ ਨਿਰਮਾਤਾਵਾਂ ਦਾ ਸੁਪਨਾ ਹੈ ਕਿ ਇਕ ਦੇਸ਼ ਵਿਚ ਦੋ ਪ੍ਰਧਾਨ, ਦੋ ਸੰਵਿਧਾਨ, ਦੋ ਨਿਸ਼ਾਨ ਨਹੀਂ ਹੋਣਗੇ। 5-6 ਅਗਸਤ 2019 ਨੂੰ ਇਕ ਮੁਖੀ, ਇਕ ਸੰਵਿਧਾਨ ਅਤੇ ਇਕ ਨਿਸ਼ਾਨ ਕਾਇਮ ਹੋਇਆ। ਉਨ੍ਹਾਂ ਨੇ ਕਿਹਾ ਕਿ ਔਰਤਾਂ ਦੇ ਹਿੱਤਾਂ ਦੀ ਰਾਖੀ ਲਈ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਵੱਖ-ਵੱਖ ਕਾਨੂੰਨਾਂ ਨੂੰ ਲਾਗੂ ਕਰਨ ਦਾ ਜ਼ਿਕਰ ਕੀਤਾ ਗਿਆ ਸੀ।