ਚੱਲਦੀ ਐਂਬੂਲੈਂਸ ਬਣੀ ਅੱਗ ਦਾ ਗੋਲਾ, ਸੜਕ ਵਿਚਾਲੇ ਮਚ ਗਈ ਹਫੜਾ-ਦਫੜੀ
Sunday, Oct 12, 2025 - 09:20 PM (IST)

ਗੋਰਖਪੁਰ, (ਭਾਸ਼ਾ)- ਐਤਵਾਰ ਦੁਪਹਿਰ ਉੱਤਰ ਪ੍ਰਦੇਸ਼ ’ਚ ਗੋਰਖਪੁਰ-ਕੁਸ਼ੀਨਗਰ ਚਾਰ ਮਾਰਗੀ ਸੜਕ ’ਤੇ ਸੋਨਬਰਸਾ ਓਵਰਬ੍ਰਿਜ ’ਤੇ ਇਕ ਚੱਲਦੀ ਐਂਬੂਲੈਂਸ ਨੂੰ ਅੱਗ ਲੱਗ ਗਈ।
ਅੱਗ ਲੱਗਣ ਤੋਂ ਥੋੜ੍ਹੀ ਦੇਰ ਬਾਅਦ ਹੀ ਐਂਬੂਲੈਂਸ ਦੀ ਸੀ. ਐੱਨ. ਜੀ. ਟੈਂਕੀ ਫਟ ਗਈ, ਜਿਸ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। ਹਾਈਵੇਅ ’ਤੇ ਲਗਭਗ ਇਕ ਘੰਟੇ ਤੱਕ ਆਵਾਜਾਈ ਰੁਕੀ ਰਹੀ।
ਪੁਲਸ ਅਨੁਸਾਰ ਵਾਰਾਣਸੀ ਦੇ ਡਰਾਈਵਰ ਸੰਤੋਸ਼ ਕੁਮਾਰ ਵੱਲੋਂ ਚਲਾਈ ਜਾ ਰਹੀ ਐਂਬੂਲੈਂਸ ਦੇ ਏਅਰ ਕੰਡੀਸ਼ਨਰ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਡਰਾਈਵਰ ਨੇ ਤੁਰੰਤ ਐਂਬੂਲੈਂਸ ਰੋਕੀ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਮਰੀਜ਼ ਨੀਲਮ ਦੇਵੀ ਤੇ ਦੋ ਹੋਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਪੁਲਸ ਅਤੇ ਦੋ ਫਾਇਰ ਇੰਜਣ ਮੌਕੇ ’ਤੇ ਪਹੁੰਚੇ। ਲਗਭਗ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਵਧੀਕ ਪੁਲਸ ਸੁਪਰਡੈਂਟ ਅਭਿਨਵ ਤਿਆਗੀ ਨੇ ਕਿਹਾ ਕਿ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਮਰੀਜ਼ ਤੇ ਉਸ ਦੇ ਪਰਿਵਾਰ ਨੂੰ ਕਿਸੇ ਹੋਰ ਵਾਹਨ ’ਚ ਭੇਜ ਦਿੱਤਾ ਗਿਅਾ। ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਅੱਗ ਦਾ ਕਾਰਨ ਏਅਰ ਕੰਡੀਸ਼ਨਰ ’ਚ ਸ਼ਾਰਟ ਸਰਕਟ ਸੀ।