ਐਮਾਜ਼ੋਨ ਨੇ ਮੁੜ ਕੀਤੀ ਵੱਡੀ ਗਲਤੀ, ਹੁਣ ਮੈਟ 'ਤੇ ਛਾਪੀ ਗੁਰੂ ਘਰ ਦੀ ਤਸਵੀਰ

01/11/2020 4:51:45 PM

ਨਵੀਂ ਦਿੱਲੀ— ਆਨਲਾਈਨ ਕੰਪਨੀਆਂ ਵਲੋਂ ਪੈਸੇ ਕਮਾਉਣ ਦੇ ਚੱਕਰ 'ਚ ਵੱਡੀ-ਵੱਡੀਆਂ ਗਲਤੀਆਂ ਕੀਤੀਆਂ ਜਾਂਦੀਆਂ ਹਨ। ਗੁਰੂਆਂ ਦੀ ਪਾਵਨ ਪਵਿੱਤਰ ਧਰਤੀ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ ਹੈ। ਐਮਾਜ਼ੋਨ ਕੰਪਨੀ ਨੇ ਇਕ ਵਾਰ ਫਿਰ ਵੱਡੀ ਗਲਤੀ ਕੀਤੀ ਹੈ। ਐਮਾਜ਼ੋਨ ਨੇ ਟਾਇਲਟ ਸੀਟ ਦੇ ਮੈਟ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਛਾਪਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਇਸ ਮਾਮਲੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾ ਰਿਹਾ ਹੈ। ਸਿਰਸਾ ਨੇ ਕੰਪਨੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਇਹ ਪਹਿਲਾਂ ਮਸਲਾ ਨਹੀਂ ਹੈ, ਐਮਾਜ਼ੋਨ ਕੰਪਨੀ ਵਲੋਂ ਪਹਿਲਾਂ ਵੀ ਪੈਰ ਸਾਫ ਕਰਨ ਵਾਲੇ ਮੈਟ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਾਈ ਸੀ। ਕੰਪਨੀ ਵਲੋਂ ਪਹਿਲਾਂ ਵੀ ਮੁਆਫੀ ਮੰਗੀ ਗਈ ਸੀ। ਇੱਥੇ ਦੱਸ ਦੇਈਏ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਦੂਰ-ਦੂਰ ਤੋਂ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ। ਇਸ ਪਵਿੱਤਰ ਧਰਤੀ ਦੀ ਪਵਿੱਤਰਤਾ ਨੂੰ ਕਾਇਮ ਨਾ ਰੱਖਦੇ ਹੋਏ ਐਮਾਜ਼ੋਨ ਕੰਪਨੀ ਵਲੋਂ ਇਹ ਵੱਡੀ ਗਲਤੀ ਕੀਤੀ ਗਈ ਹੈ। ਐਮਾਜ਼ੋਨ ਵਲੋਂ ਟਾਇਲਟ ਸੀਟ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਾਉਣਾ ਬਹੁਤ ਹੀ ਸ਼ਰਮਨਾਕ ਹੈ।

Image

ਸਿਰਸਾ ਨੇ ਕਿਹਾ ਕਿ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਓਨੀ ਹੀ ਥੋੜ੍ਹੀ ਹੈ। ਐਮਾਜ਼ੋਨ ਨੇ ਜੋ ਟਾਇਲਟ ਸੀਟ ਦੇ ਮੈਟ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੀ ਹੈ, ਇਹ ਬੇਅਦਬੀ ਵੀ ਅਤੇ ਨਿਰਾਦਰ ਵੀ ਹੈ। ਇਹ ਕੰਮ ਪਹਿਲਾਂ ਵੀ ਐਮਾਜ਼ੋਨ ਨੇ ਕੀਤਾ ਸੀ। ਉਸ ਸਮੇਂ ਅਸੀਂ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੁੜ ਅਜਿਹਾ ਪਾਪ ਨਹੀਂ ਕਰਾਂਗੇ ਪਰ ਅੱਜ ਜੋ ਉਨ੍ਹਾਂ ਨੇ ਗਲਤੀ ਕੀਤੀ ਹੈ, ਅਸੀਂ ਦਿੱਲੀ ਪੁਲਸ ਕੋਲ ਕੰਪਨੀ ਵਿਰੁੱਧ 295ਏ ਤਹਿਤ  ਮੁਕੱਦਮਾ ਦਰਜ ਕਰਵਾਇਆ ਹੈ। ਸਿਰਸਾ ਨੇ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਇਨ੍ਹਾਂ ਲੋਕਾਂ ਨੂੰ ਸਜ਼ਾਵਾਂ ਦੇ ਸਕੀਏ, ਤਾਂ ਕਿ ਅੱਗੇ ਤੋਂ ਕੋਈ ਅਜਿਹੀ ਗਲਤੀ ਨਾ ਕਰੇ। ਇਹ ਬਹੁਤ ਵੱਡੀ ਬੇਅਦਬੀ ਹੈ।


Tanu

Content Editor

Related News