ਅਮਰਨਾਥ ਯਾਤਰਾ : ਮੀਂਹ ਵੀ ਨਹੀਂ ਰੋਕ ਸਕਿਆ ਸ਼ਿਵ ਭਗਤਾਂ ਦੇ ਕਦਮ, ਜੰਮੂ ਤੋਂ ਦੂਜਾ ਜਥਾ ਰਵਾਨਾ
Friday, Jun 29, 2018 - 10:30 AM (IST)

ਜੰਮ—ਮੀਂਹ ਵੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਦੇ ਕਦਮ ਨਹੀਂ ਰੋਕ ਸਕਿਆ। ਮੀਂਹ ਦਰਮਿਆਨ ਹੀ ਵੀਰਵਾਰ ਨੂੰ ਜੰਮੂ ਤੋਂ 3444 ਅਮਰਨਾਥ ਯਾਤਰੀਆਂ ਦੇ ਦੂਜੇ ਜਥੇ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸ਼੍ਰੀਨਗਰ ਦੇ ਬਾਲਟਾਲ ਅਤੇ ਨੁਨਵਾਨ ਬੇਸ ਕੈਂਪਾਂ ਲਈ ਰਵਾਨਾ ਕੀਤਾ ਗਿਆ।
ਯਾਤਰੀ ਨਿਵਾਸ ਭਗਵਤੀ ਨਗਰ ਤੋਂ ਭੇਜੇ ਗਏ ਸ਼ਰਧਾਲੂਆਂ ਦੇ ਜਥੇ ਵਿਚ 2830 ਮਰਦ, 609 ਔਰਤਾਂ ਅਤੇ 5 ਬੱਚੇ ਸ਼ਾਮਲ ਹਨ। ਇਨ੍ਹਾਂ ਸਭ ਨੂੰ 195 ਛੋਟੀਆਂ ਤੇ ਵੱਡੀਆਂ ਮੋਟਰ ਗੱਡੀਆਂ ਰਾਹੀਂ ਰਵਾਨਾ ਕੀਤਾ ਗਿਆ। ਯਾਤਰੀ ਨਿਵਾਸ ਤੋਂ ਪਹਿਲਾਂ ਬਾਲਟਾਲ ਆਧਾਰ ਕੈਂਪ ਲਈ 795 ਸ਼ਰਧਾਲੂਆਂ ਦਾ ਜਥਾ ਰਵਾਨਾ ਕੀਤਾ ਗਿਆ। ਇਸ ਵਿਚ 652 ਮਰਦ, 143 ਔਰਤਾਂ ਅਤੇ ਇਕ ਬੱਚਾ ਸ਼ਾਮਲ ਹੈ। ਇਨ੍ਹਾਂ ਨੂੰ 20 ਛੋਟੀਆਂ ਮੋਟਰਗੱਡੀਆਂ ਅਤੇ 15 ਬੱਸਾਂ ਰਾਹੀਂ ਰਵਾਨਾ ਕੀਤਾ ਗਿਆ। ਇਨ੍ਹਾਂ ਨੂੰ ਤੜਕੇ 4 ਵਜੇ ਭੇਜਿਆ ਜਾਣਾ ਸੀ ਪਰ ਭਾਰੀ ਮੀਂਹ ਕਾਰਨ ਕੁਝ ਦੇਰੀ ਹੋ ਗਈ।
ਬਮ ਬਮ ਭੋਲੇ ਦੇ ਲਾਏ ਜੈਕਾਰੇ-ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼ਿਵ ਭਗਤਾਂ ਵਿਚ ਭਾਰੀ ਉਤਸ਼ਾਹ ਵੇਖਿਆ ਗਿਆ। ਉਹ ਬਮ ਬਮ ਭੋਲੇ ਦੇ ਜੈਕਾਰੇ ਲਾ ਰਹੇ ਸਨ। ਮਹਾਰਾਸ਼ਟਰ ਦੇ ਪੁਣੇ ਤੋਂ ਆਈ ਸ਼ੀਲਾ ਅਤੇ ਸੁਧੀਰ ਨੇ ਦੱਸਿਆ ਕਿ ਉਨ੍ਹਾਂ ਸੁਣਿਆ ਹੈ ਕਿ ਯਾਤਰਾ 'ਤੇ ਅੱਤਵਾਦੀਆਂ ਦੇ ਹਮਲੇ ਹੋ ਸਕਦੇ ਹਨ ਪਰ ਜਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਅਸੀਂ ਇਥੇ ਵੇਖੇ ਹਨ, ਤੋਂ ਬਾਅਦ ਸਾਡੇ ਮਨ ਵਿਚ ਹੁਣ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਿਹਾ। ਯਾਤਰਾ ਦੇ ਪਹਿਲੇ ਦਿਨ ਅੱਜ 1007 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਇਹ ਯਾਤਰਾ 60 ਦਿਨਾਂ ਤਕ ਚਲਣੀ ਹੈ।