ਪੜ੍ਹੋ ਅਮਰਨਾਥ ਦੀ ਪਵਿੱਤਰ ਗੁਫ਼ਾ ਨਾਲ ਸਬੰਧ ਕਹਾਣੀ, ਮੁਸਲਿਮ ਕਰਦੇ ਨੇ ਹਿੰਦੂ ਤੀਰਥ ਯਾਤਰੀਆਂ ਦੀ ਮਦਦ
Monday, Jun 27, 2022 - 05:13 PM (IST)
ਸ਼੍ਰੀਨਗਰ– ਹਿਮਾਲਿਆ ’ਚ ਸਥਿਤ ਅਮਰਨਾਥ ਦੀ 3,880 ਮੀਟਰ ਉੱਚੀ ਪਵਿੱਤਰ ਗੁਫ਼ਾ ਦੀ 43 ਦਿਨਾਂ ਲੰਬੀ ਯਾਤਰਾ 30 ਜੂਨ ਤੋਂ ਸ਼ੁਰੂ ਹੋਵੇਗੀ। ਯਾਤਰਾ ਲਈ ਦੋ ਮਾਰਗ ਹਨ- ਦੱਖਣੀ ਕਸ਼ਮੀਰ ਦੇ ਪਹਿਲਗਾਮ ਅਤੇ ਮੱਧ ਕਸ਼ਮੀਰ ਦੇ ਗਾਂਦੇਰਬਲ ’ਚ 14 ਕਿਲੋਮੀਟਰ ਛੋਟਾ ਬਾਲਟਾਲ ਮਾਰਗ। ਜੰਮੂ-ਕਸ਼ਮੀਰ ਸਰਕਾਰ ਨੂੰ ਇਸ ਸਾਲ ਲੱਗਭਗ 8 ਲੱਖ ਤੀਰਥ ਯਾਤਰੀਆਂ ਦੇ ਆਉਣ ਦੀ ਉਮੀਦ ਹੈ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਕਾਰਨ ਤੀਰਥ ਯਾਤਰਾ 2 ਸਾਲ ਤੱਕ ਮੁਲਤਵੀ ਰਹੀ।
ਕਸ਼ਮੀਰੀ ਮੁਸਲਮਾਨ ਕਰ ਰਹੇ ਹਿੰਦੂ ਤੀਰਥ ਯਾਤਰੀਆਂ ਦੀ ਮਦਦ-
ਕਸ਼ਮੀਰੀ ਮੁਸਲਮਾਨ ਪਿਛਲੇ ਸੈਂਕੜੇ ਸਾਲਾਂ ਤੋਂ ਅਮਰਨਾਥ ਯਾਤਰਾ ਦਾ ਹਿੱਸਾ ਰਹੇ ਹਨ। ਉਹ ਹਿੰਦੂ ਤੀਰਥ ਯਾਤਰੀਆਂ ਨੂੰ ਪੋਨੀ ਅਤੇ ਹੋਰ ਰਸਦ ਸਹਾਇਤਾ ਪ੍ਰਦਾਨ ਕਰ ਕੇ ਤੀਰਥ ਯਾਤਰੀਆਂ ਨੂੰ ਗੁਫ਼ਾ ਮੰਦਰ ਤੱਕ ਲਿਜਾਉਣ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ। ਅੱਤਵਾਦੀ ਸਥਾਨਕ ਲੋਕਾਂ ਨੂੰ ਤੀਰਥ ਯਾਤਰਾ ਤੋਂ ਦੂਰ ਰੱਖਣ ਵਿਚ ਸਫਲ ਨਹੀਂ ਹੋਏ ਹਨ। ਕਸ਼ਮੀਰ ਦੇ ਮੁਸਲਮਾਨਾਂ ਨੇ ਯਾਤਰਾ ਨੂੰ ਸਫਲ ਬਣਾਉਣ ਲਈ ਸ਼ਰਧਾਲੂਆਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟੇ। ਇਹ ਮੁਸਲਮਾਨ ਹਨ ਜੋ ਦੇਸ਼ ਭਰ ਦੇ ਹਿੰਦੂਆਂ ਲਈ ਹਿਮਾਲਿਆ ਦੀ ਗੋਦ ਵਿਚ ਸਥਿਤ ਪਵਿੱਤਰ ਗੁਫਾ ਅਸਥਾਨ ਤੱਕ ਪਹੁੰਚਣਾ ਸੰਭਵ ਬਣਾਉਂਦੇ ਹਨ। ਜਦੋਂ ਪਵਿੱਤਰ ਗੁਫਾ ਅਸਥਾਨ ਤੱਕ ਜਾਣ ਵਾਲਾ ਟ੍ਰੈਕ ਵਿਕਸਿਤ ਨਹੀਂ ਹੋਇਆ ਸੀ, ਸਥਾਨਕ ਲੋਕ ਪਾਲਕੀ ਵਿਚ ਸ਼ਰਧਾਲੂਆਂ ਨੂੰ ਪਵਿੱਤਰ ਗੁਫਾ ਅਸਥਾਨ ਤੱਕ ਲੈ ਕੇ ਜਾਂਦੇ ਸਨ।
ਅਮਰਨਾਥ ਗੁਫ਼ਾ ਨਾਲ ਜੁੜੀ ਕਹਾਣੀ-
ਸਲਾਨਾ ਤੀਰਥ ਯਾਤਰਾ ਪਿਛਲੇ ਸੈਂਕੜੇ ਸਾਲਾਂ ਤੋਂ ਕਸ਼ਮੀਰ ਦੀ ਬਹੁਲਤਾਵਾਦੀ ਰੀਤੀ ਦਾ ਹਿੱਸਾ ਰਹੀ ਹੈ। ਲੋਕ-ਕਥਾਵਾਂ ਅਨੁਸਾਰ ਇਸ ਗੁਫ਼ਾ ਦੀ ਖੋਜ 1850 ’ਚ ਬੂਟਾ ਮਲਿਕ ਨਾਂ ਦੇ ਇਕ ਚਰਵਾਹੇ ਨੇ ਕੀਤੀ ਸੀ, ਜੋ ਇਕ ਮੁਸਲਮਾਨ ਸੀ। ਉਹ ਪਹਾੜ ਵਿਚ ਆਪਣੇ ਪਸ਼ੂ ਚਰਾਉਂਦਾ ਰਿਹਾ ਸੀ। ਇਕ ਸੂਫ਼ੀ ਸੰਤ ਨੇ ਉਸ ਨੂੰ ਕੋਲੇ ਦਾ ਇਕ ਥੈਲਾ ਦਿੱਤਾ, ਜੋ ਬਾਅਦ ਵਿਚ ਸੋਨੇ ਦਾ ਬਣ ਗਿਆ। ਉਹ ਸੰਤ ਦਾ ਧੰਨਵਾਦ ਕਰਨ ਲਈ ਵਾਪਸ ਚਲਾ ਗਿਆ ਪਰ ਉਸ ਨੂੰ ਗੁਫਾ ਅਤੇ ਸ਼ਿਵ ਲਿੰਗ ਮਿਲਿਆ। ਇਕ ਹੋਰ ਕਹਾਣੀ ’ਚ ਕਿਹਾ ਗਿਆ ਹੈ ਕਿ ਇਹ ਭ੍ਰਿਗੂ ਮੁੰਨੀ ਸਨ, ਜਿਨ੍ਹਾਂ ਨੇ ਅਮਰਨਾਥ ਤੀਰਥ ਦੀ ਖੋਜ ਕੀਤੀ ਸੀ।
ਦੱਸ ਦੇਈਏ ਕਿ ਅਮਰਨਾਥ ਗੁਫ਼ਾ ਦੀ ਲੰਬਾਈ (ਅੰਦਰ ਦੀ ਡੂੰਘਾਈ) 19 ਮੀਟਰ ਅਤੇ ਚੌੜਾਈ 16 ਮੀਟਰ ਹੈ। ਇਹ ਗੁਫ਼ਾ ਲੱਗਭਗ 150 ਫੁੱਟ ਖੇਤਰ ’ਚ ਫੈਲੀ ਹੋਈ ਹੈ ਅਤੇ ਲੱਗਭਗ 11 ਮੀਟਰ ਉੱਚੀ ਹੈ। ਇਸ ਗੁਫ਼ਾ ਦਾ ਮਹੱਤਵ ਸਿਰਫ਼ ਕੁਦਰਤੀ ਸ਼ਿਵਲਿੰਗ ਦੇ ਨਿਰਮਾਣ ਨਾਲ ਨਹੀਂ ਸੀ ਸਗੋਂ ਇੱਥੇ ਭਗਵਾਨ ਸ਼ਿਵ ਨੇ ਦੇਵੀ ਪਾਰਬਤੀ ਨੂੰ ਅਮਰਤਾ ਦੀ ਕਥਾ ਸੁਣਾਈ ਸੀ। ਇਸ ਲਈ ਮਾਨਤਾ ਹੈ ਕਿ ਅਮਰਨਾਥ ਗੁਫ਼ਾ ’ਚ ਭਗਵਾਨ ਸ਼ਿਵ ਬਿਰਾਜਮਾਨ ਹਨ। ਪਵਿੱਤਰ ਗੁਫ਼ਾ ਮੰਦਰ ’ਚ ਬਰਫ਼ ਨਾਲ ਬਣਿਆ ਇਕ ਕੁਦਰਤੀ ਸ਼ਿਵ ਲਿੰਗ ਹੈ। ਇਹ ਚੰਦਰ ਚੱਕਰ ਨਾਲ ਵੱਧਦਾ ਅਤੇ ਘੱਟਦਾ ਹੈ ਅਤੇ ਇਸ ਨੂੰ ਕੁਦਰਤ ਦਾ ਚਮਤਕਾਰ ਅਤੇ ਭਗਵਾਨ ਸ਼ਿਵ ਦੀ ਸ਼ਕਤੀ ਮੰਨਿਆ ਜਾਂਦਾ ਹੈ। ਗੁਫ਼ਾ ’ਚ ਬਰਫ਼ ਨਾਲ ਬਣਿਆ ਸ਼ਿਵਲਿੰਗ ਕਰੀਬ 10-12 ਫੁੱਟ ਉੱਚਾ ਹੈ ਅਤੇ ਲੋਕਾਂ ਦੀ ਆਸਥਾ ਦਾ ਪ੍ਰਤੀਕ ਹੈ।