ਅਲਵਰ ਦਾ ਲਾਲ ਪਿਆਜ਼ ਸੱਤ ਸਮੁੰਦਰ ਪਾਰ ਵੀ ਲਾਏਗਾ ਆਪਣੇ ਸੁਆਦ ਦਾ ਤੜਕਾ
Monday, Oct 31, 2022 - 01:01 PM (IST)
ਅਲਵਰ- ਰਾਜਸਥਾਨ ਦੇ ਅਲਵਰ ਦਾ ਲਾਲ ਪਿਆਜ਼ ਹੁਣ ਸੱਤ ਸਮੁੰਦਰ ਪਾਰ ਆਪਣੇ ਸੁਆਦ ਨੂੰ ਹੋਰ ਵਧਾ ਦੇਵੇਗਾ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਿਆਜ਼ ਦਾ ਉਤਪਾਦਨ ਵਧਿਆ ਹੈ। ਅਲਵਰ ਜ਼ਿਲ੍ਹੇ ਲਈ ਕਿਸਾਨਾਂ ਦੀ ਜੀਵਨ ਰੇਖਾ ਬਣੇ ਲਾਲ ਪਿਆਜ਼ ਦੇ ਉਤਪਾਦਨ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ।
ਅਲਵਰ ਦੇ ਪਿਆਜ਼ਾਂ ਨੂੰ ਪੂਰੇ ਦੇਸ਼ ਦੀਆਂ ਮੰਡੀਆਂ ਤੱਕ ਪਹੁੰਚਾਉਣ ਲਈ ਕੇਂਦਰ ਸਰਕਾਰ ਨੇ ਪਿਛਲੀ ਵਾਰ ਵਿਸ਼ੇਸ਼ ਰੇਲਗੱਡੀ ਸ਼ੁਰੂ ਕੀਤੀ ਸੀ। ਇਸ ਵਾਰ ਵੀ 20 ਨਵੰਬਰ ਤੋਂ ਬਾਅਦ ਵਿਸ਼ੇਸ਼ ਟਰੇਨ ਚਲਾਈ ਜਾਵੇਗੀ। ਸਾਲ 2020 ’ਚ ਅਲਵਰ ਵਿਚ ਪਿਆਜ਼ ਹੇਠਲਾ ਰਕਬਾ 18,500 ਹੈਕਟੇਅਰ ਸੀ, ਜਦੋਂ ਕਿ 2022 ਵਿਚ ਇਹ 27,000 ਹੈਕਟੇਅਰ ਤੱਕ ਪਹੁੰਚ ਗਿਆ। ਅਨੁਮਾਨ ਹੈ ਕਿ ਇਸ ਸਾਲ 3,55,000 ਟਨ ਪਿਆਜ਼ ਪੈਦਾ ਹੋਵੇਗਾ ਜੋ ਅਲਵਰ ਦੀ ਆਰਥਿਕਤਾ ਨੂੰ ਹੁਲਾਰਾ ਦੇ ਸਕਦਾ ਹੈ।
ਅਲਵਰ ਸ਼ਹਿਰ ਦੇ ਬਾਜ਼ਾਰ ਵਿਚ ਰੋਜ਼ਾਨਾ 800 ਤੋਂ 1000 ਬੋਰੀਆਂ ਪਿਆਜ਼ ਦੀਆਂ ਆ ਰਹੀਆਂ ਹਨ । ਪਿਆਜ਼ ਦੀ ਕੀਮਤ 300 ਤੋਂ 800 ਰੁਪਏ ਪ੍ਰਤੀ 40 ਕਿਲੋ ਹੈ। ਚੰਗੀ ਕੁਆਲਿਟੀ ਦਾ ਪਿਆਜ਼ ਇਸ ਸਮੇਂ ਥੋਕ ਵਿਚ 20 ਰੁਪਏ ਤੱਕ ਵਿਕ ਰਿਹਾ ਹੈ।