ਗੁਜਰਾਤ ਚੋਣਾਂ : ਭਾਜਪਾ ਨੂੰ ਵੱਡਾ ਝਟਕਾ, 23 ਨੂੰ ਕਾਂਗਰਸ 'ਚ ਸ਼ਾਮਲ ਹੋਣਗੇ ਅਲਪੇਸ਼ ਠਾਕੋਰ

Saturday, Oct 21, 2017 - 08:25 PM (IST)

ਗੁਜਰਾਤ ਚੋਣਾਂ : ਭਾਜਪਾ ਨੂੰ ਵੱਡਾ ਝਟਕਾ, 23 ਨੂੰ ਕਾਂਗਰਸ 'ਚ ਸ਼ਾਮਲ ਹੋਣਗੇ ਅਲਪੇਸ਼ ਠਾਕੋਰ

ਅਹਿਮਦਾਬਾਦ-ਗੁਜਰਾਤ ਚੋਣਾਂ ਦਾ ਬਿਗੁਲ ਕਿਸੇ ਵੇਲੇ ਵੀ ਵੱਜ ਸਕਦਾ ਹੈ ਪਰ ਇਸ ਤੋਂ ਪਹਿਲਾਂ ਇਹ ਜੋੜ-ਤੋੜ ਦੀ ਸਿਆਸਤ ਨੇ ਗੁਜਰਾਤ ਨੂੰ ਆਪਣੇ ਲਪੇਟੇ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸੇ ਸਿਆਸਤ ਦੇ ਕਾਰਨ ਅੱਜ ਭਾਜਪਾ ਨੂੰ ਇਕ ਵੱਡਾ ਝਟਕਾ ਲਗਾ ਹੈ। ਸੂਬੇ ਦੇ ਓ. ਬੀ. ਸੀ., ਐੱਸ. ਸੀ./ਐੱਸ. ਟੀ ਏਕਤਾ ਮੰਚ ਦੇ ਆਗੂ ਅਲਪੇਸ਼ ਠਾਕੋਰ ਨੇ ਕਾਂਗਰਸ 'ਚ ਸ਼ਾਮਲ ਹੋਣ ਦੀ ਤਿਆਰੀ ਕਰ ਲਈ ਹੈ। ਸੂਤਰਾ ਦਾ ਕਹਿਣਾ ਹੈ ਕਿ ਅਲਪੇਸ਼ ਠਾਕੋਰ 23 ਅਕਤੂਬਰ ਨੂੰ ਕਾਂਗਰਸ 'ਚ ਸ਼ਾਮਲ ਹੋਣਗੇ। ਦੱਸ ਦਇਏ ਕਿ ਪੂਰੇ ਗੁਜਰਾਤ 'ਚ 54 ਫੀਸਦੀ ਓ. ਬੀ. ਸੀ. ਅਬਾਦੀ ਹੈ। ਇਹੀ ਕਾਰਨ ਹੈ ਕਿ ਅਲਪੇਸ਼ ਆਪਣਾ ਦਾਅ ਬੜੀ ਚਲਾਕੀ ਨਾਲ ਖੇਡ ਰਹੇ ਹਨ। ਸਭ ਦੀਆਂ ਨਜ਼ਰਾਂ ਇਸ ਵੇਲੇ ਅਲਪੇਸ਼ ਵਲੋਂ 23 ਅਕਤੂਬਰ ਨੂੰ ਅਹਿਮਦਾਬਾਦ 'ਚ 'ਜਨਾਦੇਸ਼ ਸੰਮੇਲਣ' 'ਤੇ ਹਨ। ਜਿਸ ਬਾਰੇ ਅਪਲੇਸ਼ ਦਾਅਵਾ ਕਰਦੇ ਹਨ ਕਿ ਇਸ ਸੰਮੇਲਣ 'ਚ 5 ਲੱਖ ਤੋਂ ਵੱਧ ਲੋਕ ਸ਼ਾਮਲ ਹੋਣਗੇ। ਜਿਸ ਦੌਰਾਨ ਉਹ ਗੁਜਰਾਤ ਵਿਧਾਨ ਸਭਾ ਚੋਣਾਂ ਬਾਰੇ ਆਪਣੀ ਰਣਨੀਤੀ ਦਾ ਐਲਾਣ ਕਰਨਗੇ। ਅਲਪੇਸ਼ ਪਹਿਲਾਂ ਵੀ ਕਈ ਜਨਤਕ ਮੰਚਾਂ ਤੋਂ ਭਾਜਪਾ ਨੂੰ ਹਰਾਉਣ ਬਾਰੇ ਕਈ ਵੱਡੇ ਬਿਆਨ ਦੇ ਚੁੱਕੇ ਹਨ। ਹੁਣ ਅਲਪੇਸ਼ ਨੇ 23 ਅਕਤੂਬਰ ਦੇ ਇਸ ਸੰਮੇਲਣ 'ਚ ਹਿੱਸਾ ਲੈਣ ਲਈ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਸੱਦਾ ਦਿੱਤਾ ਹੈ। ਅਲਪੇਸ਼ ਨੇ ਦੱਸਿਆ ਕਿ ਰਾਹੁਲ ਨੇ ਵੀ ਰੈਲੀ 'ਚ ਆਉਣ ਬਾਰੇ ਹਾਮੀ ਭਰੀ ਹੈ। 
ਸੂਤਰਾਂ ਇਸ ਸਾਰੇ ਮਾਮਲੇ 'ਤੇ ਇਹ ਹੀ ਦਾਅਵਾ ਕਰ ਰਹੇ ਹਨ ਕਿ ਇਸ ਦੌਰਾਨ ਯਕੀਨੀ ਤੌਰ 'ਤੇ ਅਪਲੇਸ਼ ਕਾਂਗਰਸ ਦਾ ਹੱਥ ਫੜ੍ਹਣਗੇ। ਜੇਕਰ ਅਲਪੇਸ਼ ਇਸ ਮੌਕੇ ਕਾਂਗਰਸ 'ਚ ਸ਼ਾਮਲ ਹੋ ਜਾਣਗੇ ਤਾਂ ਭਾਜਪਾ ਲਈ ਇਕ ਵੱਡੀ ਚੁਣੌਤੀ ਪੈਦਾ ਹੋ ਜਾਵੇਗੀ। ਕਿਉਂਕਿ ਇਸ ਤਰ੍ਹਾਂ ਨਾਲ ਓ. ਬੀ. ਸੀ. ਵਰਗ ਦਾ ਵੱਡਾ ਵੋਟ ਬੈਂਕ ਭਾਜਪਾ ਹੱਥੋਂ ਖੁਸ ਸਕਦਾ ਹੈ।


Related News