ਦੇਸ਼ ਦੀਆਂ ਨਜ਼ਰਾਂ ਚੋਣ ਕਮਿਸ਼ਨ 'ਤੇ ਕਿਸੇ ਵੀ ਸਮੇਂ ਹੋ ਸਕਦੈ ਐਲਾਨ
Tuesday, Mar 05, 2019 - 07:37 PM (IST)

ਨਵੀਂ ਦਿੱਲੀ— ਦੇਸ਼ ਦੇ ਭਵਿੱਖ ਲਈ ਅਹਿਮ 17ਵੀਂ ਲੋਕ ਸਭਾ ਚੋਣ ਪ੍ਰੋਗਰਾਮ ਨੂੰ ਲੈ ਕੇ ਹੁਣ ਸਾਰਿਆਂ ਦੀਆਂ ਨਜ਼ਰਾਂ ਚੋਣ ਕਮਿਸ਼ਨ 'ਤੇ ਲੱਗੀਆਂ ਹੋਈਆਂ ਹਨ ਕਿਉਂਕਿ ਪਿਛਲੀਆਂ ਆਮ ਚੋਣਾਂ ਦਾ ਐਲਾਨ 5 ਮਾਰਚ ਨੂੰ ਹੋ ਗਿਆ ਸੀ। ਪਿਛਲੀਆਂ ਆਮ ਚੋਣਾਂ ਦੇ ਪ੍ਰੋਗਰਾਮ ਨੂੰ ਦੇਖਦੇ ਹੋਏ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਚੋਣ ਕਮਿਸ਼ਨ ਹੁਣ ਕਿਸੇ ਵੀ ਦਿਨ ਅਗਲੇ ਲੋਕ ਸਭਾ ਚੋਣ ਪ੍ਰੋਗਰਾਮ ਦਾ ਐਲਾਨ ਕਰ ਸਕਦਾ ਹੈ।
ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਚੋਣ ਸਮੇਂ 'ਤੇ ਕਰਵਾਏ ਜਾਣਗੇ। ਉਨ੍ਹਾਂ ਨੇ ਇਹ ਗੱਲ ਪਾਕਿਸਤਾਨ ਦੇ ਨਾਲ ਸਰਹੱਦ 'ਤੇ ਵਧਦੇ ਤਣਾਅ ਦੇ ਮੱਦੇਨਜ਼ਰ ਕਹੀ ਸੀ। ਕਮਿਸ਼ਨ ਦੀ ਟੀਮ 2 ਦਿਨ ਦੇ ਜੰਮੂ ਕਸ਼ਮੀਰ ਦੌਰੇ ਤੋਂ ਮੰਗਲਵਾਰ ਦੀ ਰਾਤ ਨੂੰ ਦਿੱਲੀ ਪਰਤਣਗੀ ਤੇ ਉਸ ਤੋਂ ਬਾਅਦ ਕਿਸੇ ਵੀ ਦਿਨ ਚੋਣ ਪ੍ਰੋਗਰਾਮ ਦਾ ਐਲਾਨ ਹੋ ਸਕਦਾ ਹੈ ਜਿਸ ਦਾ ਨਾ ਸਿਰਫ ਸਿਆਸੀ ਦਲਾਂ ਨੂੰ ਸਗੋਂ ਆਮ ਲੋਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
ਕਾਂਗਰਸ ਨੇ ਹੁਣ ਤਕ ਚੋਣ ਪ੍ਰੋਗਰਾਮ ਐਲਾਨ ਨਹੀਂ ਹੋਣ ਨੂੰ ਲੈ ਕੇ ਕਮਿਸ਼ਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਪਾਰਟੀ ਦੇ ਖਜਾਨਜੀ ਅਹਿਮਦ ਪਟੇਲ ਨੇ ਕਿਹਾ ਹੈ ਕਿ ਕਮਿਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਕਾਰੀ ਖਰਚ 'ਤੇ ਪ੍ਰਚਾਰ ਕਰਨ ਦਾ ਮੌਕਾ ਦੇ ਰਿਹਾ ਹੈ। ਉਹ ਮੋਦੀ ਦੇ 'ਸਰਕਾਰੀ' ਯਾਤਰਾ ਪ੍ਰੋਗਰਾਮ ਦੇ ਖਤਮ ਹੋਣ ਦਾ ਇੰਤਜਾਰ ਕਰ ਰਿਹਾ ਹੈ।