ਅਲਕਾ ਲਾਂਬਾ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ, ਕਾਂਗਰਸ 'ਚ ਸ਼ਾਮਲ ਹੋਣ ਦੇ ਕਿਆਸ
Tuesday, Sep 03, 2019 - 01:41 PM (IST)

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਅਲਕਾ ਲਾਂਬਾ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਲਾਂਬਾ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਹਨ ਕਿ ਉਹ ਕਾਂਗਰਸ ਦਾ 'ਹੱਥ' ਫੜ ਸਕਦੀ ਹੈ। ਦਿੱਲੀ ਦੇ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਕੇਜਰੀਵਾਲ ਸਰਕਾਰ ਤੋਂ ਨਾਰਾਜ਼ ਹੈ। ਕਾਫੀ ਲੰਬੇ ਸਮੇਂ ਤੋਂ ਅਲਕਾ ਲਾਂਬਾ 'ਆਪ' ਪਾਰਟੀ ਤੋਂ ਬਗਾਵਤ ਦੇ ਸੰਕੇਤ ਦੇ ਰਹੀ ਹੈ।
ਅਲਕਾ ਲਾਂਬਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ਸ਼੍ਰੀਮਤੀ ਸੋਨੀਆ ਗਾਂਧੀ ਕਾਂਗਰਸ ਦੀ ਪ੍ਰਧਾਨ ਹੀ ਨਹੀਂ ਯੂ. ਪੀ. ਏ. ਦੀ ਚੇਅਰਪਰਸਨ ਵੀ ਹੈ ਅਤੇ ਸੈਕੂਲਰ (ਨਿਰਪੱਖ) ਵਿਚਾਰਧਾਰਾ ਦੀ ਇਕ ਬਹੁਤ ਵੱਡੀ ਨੇਤਾ ਵੀ। ਦੇਸ਼ ਦੇ ਮੌਜੂਦਾ ਹਾਲਾਤ 'ਤੇ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਚਰਚਾ ਪੈਂਡਿੰਗ ਸੀ। ਅੱਜ ਮੌਕਾ ਮਿਲਿਆ ਤਾਂ ਹਰ ਮੁੱਦੇ 'ਤੇ ਖੁੱਲ੍ਹ ਕੇ ਗੱਲ ਹੋਈ। ਸਿਆਸਤ ਵਿਚ ਇਹ ਸਲਾਹ-ਮਸ਼ਵਰੇ ਦੇ ਦੌਰਾ ਚੱਲਦਾ ਰਹਿੰਦਾ ਹੈ ਅਤੇ ਚੱਲਦਾ ਰਹਿਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਤਿਆਰੀਆਂ 'ਚ ਜੁੱਟ ਗਈਆਂ ਹਨ। 'ਆਪ' ਫਿਰ ਸੱਤਾ ਵਾਪਸੀ ਨੂੰ ਲੈ ਕੇ ਜੱਦੋ-ਜਹਿਦ ਕਰ ਰਹੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਇਸ ਸਾਲ ਅਖੀਰ ਜਾਂ ਅਗਲੇ ਸਾਲ ਹੋਣਗੀਆਂ। ਇੱਥੇ ਦੱਸ ਦੇਈਏ ਕਿ ਅਗਸਤ ਮਹੀਨੇ 'ਚ ਅਲਕਾ ਨੇ ਟਵੀਟ ਕਰ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦੀ ਗੱਲ ਆਖੀ ਸੀ। ਉਨ੍ਹਾਂ ਟਵੀਟ ਕੀਤਾ ਸੀ ਕਿ ਆਮ ਆਦਮੀ ਪਾਰਟੀ ਵਿਚ ਸਨਮਾਨ ਨਾਲ ਸਮਝੌਤੇ ਕਰ ਕੇ ਰਹਿਣ ਤੋਂ ਬਿਹਤਰ ਹੈ ਕਿ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦੇਵਾਂ। ਅਗਲੀਆਂ ਚੋਣਾਂ ਚਾਂਦਨੀ ਚੌਕ ਵਿਧਾਨ ਸਭਾ ਖੇਤਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੜਾਂ। 'ਆਪ' ਵਿਚ ਦਮ ਹੈ ਤਾਂ ਪਾਰਟੀ ਤੋਂ ਬਾਹਰ ਕਰੇ।