ਦਿੱਲੀ Blast ਮਗਰੋਂ ਯੂਪੀ, ਮੁੰਬਈ 'ਚ ਅਲਰਟ, CM ਯੋਗੀ ਨੇ ਦਿੱਤੇ ਸਖਤ ਨਿਗਰਾਨੀ ਦੇ ਹੁਕਮ
Monday, Nov 10, 2025 - 08:25 PM (IST)
ਨਵੀਂ ਦਿੱਲੀ/ਮੁੰਬਈ : ਸੋਮਵਾਰ (10 ਨਵੰਬਰ 2025) ਸ਼ਾਮ ਨੂੰ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਖੜ੍ਹੀ ਕਾਰ ਵਿੱਚ ਜ਼ੋਰਦਾਰ ਬੰਬ ਧਮਾਕਾ ਹੋਇਆ, ਜਿਸ ਕਾਰਨ ਪੂਰੇ ਦੇਸ਼ ਦੀਆਂ ਖੁਫੀਆ ਏਜੰਸੀਆਂ ਦੀ ਨੀਂਦ ਉੱਡ ਗਈ ਹੈ। ਇਸ ਹਾਈ ਇੰਟੈਂਸਿਟੀ ਬਲਾਸਟ ਵਿੱਚ ਸ਼ੁਰੂਆਤੀ ਰਿਪੋਰਟਾਂ ਅਨੁਸਾਰ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 24 ਲੋਕ ਜ਼ਖਮੀ ਹੋਏ ਹਨ। ਚਸ਼ਮਦੀਦਾਂ ਮੁਤਾਬਕ ਧਮਾਕਾ ਬਹੁਤ ਤੇਜ਼ ਸੀ, ਜਿਸ ਕਾਰਨ ਆਸ-ਪਾਸ ਦੇ ਵਾਹਨਾਂ ਨੂੰ ਵੀ ਅੱਗ ਲੱਗ ਗਈ। NIA ਦੀ ਟੀਮ ਜਾਂਚ ਵਿੱਚ ਜੁੱਟ ਗਈ ਹੈ।
ਮੁੰਬਈ ਅਤੇ ਯੂਪੀ 'ਚ ਹਾਈ ਅਲਰਟ
ਦਿੱਲੀ ਦੇ ਦਿਲ ਦਹਿਲਾ ਦੇਣ ਵਾਲੇ ਧਮਾਕੇ ਤੋਂ ਬਾਅਦ ਮੁੰਬਈ ਪੁਲਸ ਅਤੇ ਉੱਤਰ ਪ੍ਰਦੇਸ਼ (ਯੂਪੀ) ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਮੁੰਬਈ: ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਸ ਨੇ ਗਸ਼ਤ ਅਤੇ ਨਾਕੇਬੰਦੀ ਵਧਾ ਦਿੱਤੀ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਰੇਲਵੇ ਸਟੇਸ਼ਨਾਂ, ਮਾਲਜ਼, ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ 'ਤੇ ਪੁਲਸ ਬਲ ਤਾਇਨਾਤ ਕੀਤੇ ਗਏ ਹਨ।
ਉੱਤਰ ਪ੍ਰਦੇਸ਼ : ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਯੂਪੀ ਦੇ ਪ੍ਰਮੁੱਖ ਸਥਾਨਾਂ, ਧਾਰਮਿਕ ਸਥਲਾਂ, ਬਾਜ਼ਾਰਾਂ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ। ਪੁਲਸ ਨੂੰ ਡਰੋਨ ਅਤੇ ਹੋਰ ਤਕਨੀਕੀ ਸਾਧਨਾਂ ਰਾਹੀਂ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਦਿੱਲੀ ਨਾਲ ਲੱਗਦੀ ਸਰਹੱਦ 'ਤੇ ਨਾਕੇਬੰਦੀ ਕੀਤੀ ਗਈ ਹੈ, ਖਾਸ ਕਰਕੇ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਪੁਲਸ ਨੂੰ ਅਲਰਟ ਰਹਿਣ ਦੇ ਨਿਰਦੇਸ਼ ਹਨ।
ਨੋਇਡਾ 'ਚ ਸਖ਼ਤੀ : ਨੋਇਡਾ ਦੇ ਭੀੜ-ਭਾੜ ਵਾਲੇ ਇਲਾਕਿਆਂ, ਖਾਸ ਕਰਕੇ ਸੈਕਟਰ 18 ਵਿੱਚ ਪੁਲਸ ਨੇ ਚੈਕਿੰਗ ਅਭਿਆਨ ਸ਼ੁਰੂ ਕਰ ਦਿੱਤਾ ਹੈ। ਮੈਟਰੋ ਸਟੇਸ਼ਨਾਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਸੀਸੀਟੀਵੀ ਰਾਹੀਂ ਨਿਗਰਾਨੀ ਜਾਰੀ ਹੈ। ਗੁਰੂਗ੍ਰਾਮ ਵਿੱਚ ਵੀ ਹਾਈ ਅਲਰਟ ਹੈ।
'ਡਾਕਟਰਾਂ ਦੇ ਭੇਸ' 'ਚ ਲੁਕੇ ਅੱਤਵਾਦੀ ਨੈੱਟਵਰਕ ਦਾ ਖੁਲਾਸਾ
ਇਹ ਧਮਾਕਾ ਅਜਿਹੇ ਸਮੇਂ ਹੋਇਆ ਹੈ ਜਦੋਂ ਸੁਰੱਖਿਆ ਏਜੰਸੀਆਂ ਨੇ ਹਾਲ ਹੀ ਵਿੱਚ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਇਸ ਮੁਹਿੰਮ ਦੌਰਾਨ ਜੰਮੂ-ਕਸ਼ਮੀਰ ਤੋਂ ਲੈ ਕੇ ਫਰੀਦਾਬਾਦ ਅਤੇ ਗੁਜਰਾਤ ਤੱਕ ਕਈ ਸ਼ੱਕੀ ਅੱਤਵਾਦੀ ਫੜੇ ਗਏ ਹਨ।
