ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਿਲੇ ਅਕਸ਼ੇ ਕੁਮਾਰ, ਫ਼ਿਲਮ ਸਿਟੀ ਦੇ ਨਿਰਮਾਣ ’ਤੇ ਹੋਈ ਚਰਚਾ
Wednesday, Dec 02, 2020 - 01:55 PM (IST)
ਜਲੰਧਰ (ਬਿਊਰੋ)– ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੀਤੇ ਦਿਨੀਂ ਮੁੰਬਈ ਦਾ ਦੌਰਾ ਕੀਤਾ। ਇਸ ਦੌਰਾਨ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਸੀ. ਐੱਮ. ਨਾਲ ਖਾਸ ਮੁਲਾਕਾਤ ਕੀਤੀ ਤੇ ਆਪਣੀ ਆਗਾਮੀ ਫ਼ਿਲਮ ‘ਰਾਮ ਸੇਤੂ’ ’ਤੇ ਚਰਚਾ ਕੀਤੀ। ਸੀ. ਐੱਮ. ਯੋਗੀ ਤੇ ਅਕਸ਼ੇ ਦੀ ਮੁਲਾਕਾਤ ਸ਼ਹਿਰ ਦੇ ਟ੍ਰਾਈਡੈਂਟ ਹੋਟਲ ’ਚ ਹੋਈ। ਹੁਣ ਅਦਾਕਾਰ ਦੀ ਇਹ ਤਸਵੀਰ ਇੰਟਰਨੈੱਟ ’ਤੇ ਖੂਬ ਵਾਇਰਲ ਹੋ ਰਹੀ ਹੈ।
ਸੀ. ਐੱਮ. ਯੋਗੀ ਨਾਲ ਮੁਲਾਕਾਤ ਦੌਰਾਨ ਅਕਸ਼ੇ ਨੇ ਨਾ ਸਿਰਫ ਆਪਣੀ ਫ਼ਿਲਮ ਬਾਰੇ ਚਰਚਾ ਕੀਤੀ, ਸਗੋਂ ਯੂ. ਪੀ. ’ਚ ਬਣਨ ਜਾ ਰਹੀ ਫ਼ਿਲਮ ਸਿਟੀ ਨੂੰ ਲੈ ਕੇ ਵੀ ਗੱਲਬਾਤ ਕੀਤੀ।
ਅਦਾਕਾਰ ਨਾਲ ਮੁਲਾਕਾਤ ਦੌਰਾਨ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਸੂਬੇ ’ਚ ਫ਼ਿਲਮ ਨਿਰਮਾਣ ਦੀਆਂ ਅਣਗਿਣਤ ਸੰਭਾਵਨਾਵਾਂ ਹਨ ਤੇ ਇਸ ਨੂੰ ਦੇਖਦਿਆਂ ਸੂਬਾ ਸਰਕਾਰ ਫ਼ਿਲਮ ਨੀਤੀ 2018 ਦੇ ਮਾਧਿਅਮ ਰਾਹੀਂ ਫ਼ਿਲਮ ਨਿਰਮਾਣ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਸੂਬੇ ’ਚ ਫ਼ਿਲਮ ਸ਼ੂਟਿੰਗ ਹੋਣ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਤੇ ਸੂਬੇ ਦੇ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ।
ਉਨ੍ਹਾਂ ਕਿਹਾ ਕਿ ਸੂਬੇ ’ਚ ਫ਼ਿਲਮ ਸ਼ੂਟਿੰਗ ਕਰਨ ਵਾਲੇ ਨਿਰਮਾਤਾਵਾਂ ਨੂੰ ਹਰ ਸੰਭਵ ਮਦਦ ਤੇ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਸੀ. ਐੱਮ. ਯੋਗੀ ਨੇ ਕਿਹਾ ਕਿ ਅਕਸ਼ੇ ਕੁਮਾਰ ਨੇ ਆਪਣੀ ਕਲਾ ਦੀ ਵਰਤੋਂ ਕਰਦਿਆਂ ‘ਟਾਇਲੇਟ ਏਕ ਪ੍ਰੇਮ ਕਥਾ’ ਫ਼ਿਲਮ ਰਾਹੀਂ ਸਮਾਜ ਨੂੰ ਸੁਨੇਹਾ ਦਿੱਤਾ। ਅਜਿਹੀਆਂ ਫ਼ਿਲਮਾਂ ਸਮਾਜ ’ਚ ਜਾਗਰੂਕਤਾ ਵਧਾਉਣ ’ਚ ਮਦਦਗਾਰ ਸਿੱਧ ਹੁੰਦੀਆਂ ਹਨ।
ਸੀ. ਐੱਮ. ਨਾਲ ਮੁਲਾਕਾਤ ਦੌਰਾਨ ਅਕਸ਼ੇ ਨੇ ਯੂ. ਪੀ. ਸਰਕਾਰ ਦੇ ਫ਼ਿਲਮ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਤੇ ਫ਼ਿਲਮ ਸਿਟੀ ਦੀ ਸਥਾਪਨਾ ਦੇ ਫ਼ੈਸਲੇ ’ਤੇ ਖੁਸ਼ੀ ਜ਼ਾਹਿਰ ਕੀਤੀ। ਸੋਸ਼ਲ ਮੀਡੀਆ ’ਤੇ ਵਾਇਰਲ ਇਸ ਤਸਵੀਰ ’ਚ ਅਕਸ਼ੇ ਕੁਮਾਰ ਸੀ. ਐੱਮ. ਨੂੰ ਟੈਬਲੇਟ ’ਤੇ ਕੁਝ ਦਿਖਾਉਂਦੇ ਨਜ਼ਰ ਆ ਰਹੇ ਹਨ।
ਨੋਟ– ਯੋਗੀ ਆਦਿਤਿਆਨਾਥ ਤੇ ਅਕਸ਼ੇ ਕੁਮਾਰ ਦੀ ਮੁਲਾਕਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।