ਯੂ. ਪੀ. ''ਚ 8 ਰੇਲਵੇ ਸਟੇਸ਼ਨਾਂ ਦੇ ਨਾਂ ਬਦਲਣ ''ਤੇ ਅਖਿਲੇਸ਼ ਦਾ ਤੰਜ਼, ''ਜਦੋਂ ਨਾਂ ਬਦਲਣ ਦੀ ਫੁਰਸਤ ਮਿਲ ਜਾਵੇ ਤਾਂ...''

Wednesday, Aug 28, 2024 - 11:01 AM (IST)

ਲਖਨਊ- ਉੱਤਰ ਪ੍ਰਦੇਸ਼ 'ਚ 8 ਰੇਲਵੇ ਸਟੇਸ਼ਨਾਂ ਦੇ ਨਾਂ ਬਦਲੇ ਜਾਣ 'ਤੇ ਸਮਾਜਵਾਦੀ ਪਾਰਟੀ (ਸਪਾ) ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਨਾਂ ਬਦਲਣ ਦੀ ਫੁਰਸਤ ਮਿਲ ਜਾਵੇ ਤਾਂ ਰਿਕਾਰਡ ਕਾਇਮ ਕਰਦੇ ਰੇਲ ਹਾਦਸਿਆਂ ਦੀ ਰੋਕਥਾਮ ਲਈ ਵੀ ਕੁਝ ਸਮਾਂ ਕੱਢ ਕੇ ਵਿਚਾਰ ਕਰੋ। ਅਖਿਲੇਸ਼ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਅਪੀਲ ਹੈ ਕਿ ਰੇਲਵੇ ਸਟੇਸ਼ਨਾਂ ਦੇ ਸਿਰਫ਼ ਨਾਂ ਹੀ ਨਹੀਂ ਸਗੋਂ ਹਾਲਾਤ ਵੀ ਬਦਲੋ। 

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਜਿਨ੍ਹਾਂ ਸਟੇਸ਼ਨਾਂ ਦੇ ਨਾਂ ਬਦਲੇ ਗਏ ਹਨ, ਉਨ੍ਹਾਂ ਨੂੰ ਜ਼ਿਲ੍ਹੇ ਦੀ ਧਾਰਮਿਕ ਪਛਾਣ ਅਤੇ ਮਹਾਪੁਰਸ਼ਾਂ ਦੇ ਨਾਂ 'ਤੇ ਰੱਖਿਆ ਗਿਆ ਹੈ। ਜਿਨ੍ਹਾਂ ਦੇ ਨਾਂ ਬਦਲੇ ਗਏ ਹਨ, ਉਨ੍ਹਾਂ ਵਿਚ ਜਾਇਸ ਸਟੇਸ਼ਨ, ਅਕਬਰਗੰਜ ਸਟੇਸ਼ਨ, ਫੁਰਸਤਗੰਜ ਰੇਲਵੇ ਸਟੇਸ਼ਨ, ਵਾਰਿਸਗੰਜ ਹਾਲਟ ਸਟੇਸ਼ਨ, ਨਿਹਾਲਗੜ੍ਹ ਸਟੇਸ਼ਨ, ਬਨੀ ਰੇਲਵੇ ਸਟੇਸ਼ਨ, ਮਿਸਰੌਲੀ ਸਟੇਸ਼ਨ ਅਤੇ ਕਾਸਿਮਪੁਰ ਹਾਲਟ ਸਟੇਸ਼ਨ ਸ਼ਾਮਲ ਹਨ।

PunjabKesari

ਜਾਇਸ ਸਟੇਸ਼ਨ ਦਾ ਨਾਂ ਬਦਲ ਕੇ ਗੁਰੂ ਗੋਰਖਨਾਥ ਧਾਮ ਰੱਖਿਆ ਗਿਆ ਹੈ। ਅਕਬਰਗੰਜ ਸਟੇਸ਼ਨ ਦਾ ਨਾਂ ਬਦਲ ਕੇ ਮਾਂ ਅਹੋਰਵਾ ਭਵਾਨੀ ਧਾਮ ਕਰ ਦਿੱਤਾ ਗਿਆ ਹੈ। ਫੁਰਸਤਗੰਜ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਤਪੇਸ਼ਵਰ ਧਾਮ, ਵਾਰਿਸਗੰਜ ਹਾਲਟ ਸਟੇਸ਼ਨ ਦਾ ਨਾਂ ਬਦਲ ਕੇ ਅਮਰ ਸ਼ਹੀਦ ਭਾਲੇ ਸੁਲਤਾਨ ਰੱਖਿਆ ਗਿਆ ਹੈ। ਨਿਹਾਲਗੜ੍ਹ ਸਟੇਸ਼ਨ ਦਾ ਨਾਂ ਬਦਲ ਕੇ ਹੁਣ ਮਹਾਰਾਜਾ ਬਿਜਲੀ ਪਾਸੀ ਸਟੇਸ਼ਨ, ਬਨੀ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਸਵਾਮੀ ਪਰਮਹੰਸ ਸਟੇਸ਼ਨ, ਮਿਸਰੌਲੀ ਸਟੇਸ਼ਨ ਦਾ ਨਾਂ ਬਦਲ ਕੇ ਮਾਂ ਕਾਲਿਕਾਨ ਧਾਮ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਕਾਸਿਮਪੁਰ ਹਾਲਟ ਸਟੇਸ਼ਨ ਦਾ ਨਾਂ ਬਦਲ ਕੇ ਜਾਇਸ ਸਿਟੀ ਕਰ ਦਿੱਤਾ ਗਿਆ ਹੈ।


Tanu

Content Editor

Related News