ਮਾਕਨ ਵਲੋਂ ਰਾਜਸਥਾਨ ਕਾਂਗਰਸ ਇੰਚਾਰਜ ਅਹੁਦੇ ਤੋਂ ਅਸਤੀਫਾ
Thursday, Nov 17, 2022 - 12:45 PM (IST)
ਨਵੀਂ ਦਿੱਲੀ– ਅਜੇ ਮਾਕਨ ਨੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਦਾ ਅਹੁਦਾ ਛੱਡ ਦਿੱਤਾ ਹੈ। ਮਾਕਨ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ 8 ਨਵੰਬਰ ਨੂੰ ਚਿੱਠੀ ਲਿਖ ਕੇ ਰਾਜਸਥਾਨ ਇੰਚਾਰਜ ਵਜੋਂ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ। ਨਾਲ ਹੀ ਦੂਜਾ ਇੰਚਾਰਜ ਲੱਭਣ ਦੀ ਅਪੀਲ ਕੀਤੀ ਹੈ। ਇਸ ਚਿੱਠੀ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਮਾਕਨ ਰਾਜਸਥਾਨ ਇੰਚਾਰਜ ਵਜੋਂ ਕੰਮ ਨਹੀਂ ਕਰਨਗੇ।
ਅਜੇ ਮਾਕਨ ਨੇ ਚਿੱਠੀ ਵਿਚ 25 ਸਤੰਬਰ ਨੂੰ ਗਹਿਲੋਤ ਧੜੇ ਦੇ ਵਿਧਾਇਕਾਂ ਦੀ ਬਗਾਵਤ ਅਤੇ ਉਨ੍ਹਾਂ ’ਤੇ ਐਕਸ਼ਨ ਨਾ ਹੋਣ ਦਾ ਮੁੱਦਾ ਉਠਾਇਆ ਹੈ। ਮਾਕਨ ਨੇ ਲਿਖਿਆ ਹੈ ਕਿ ਦਸੰਬਰ ਦੇ ਪਹਿਲੇ ਹਫਤੇ ਭਾਰਤ ਜੋੜੋ ਯਾਤਰਾ ਰਾਜਸਥਾਨ ਆ ਰਹੀ ਹੈ। 4 ਦਸੰਬਰ ਨੂੰ ਉਪ ਚੋਣ ਹੋ ਰਹੀ ਹੈ। ਅਜਿਹੇ ਵਿਚ ਰਾਜਸਥਾਨ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਜਾਣਾ ਜ਼ਰੂਰੀ ਹੈ। ਭਾਰਤ ਜੋੜੋ ਯਾਤਰਾ ਅਤੇ ਉਪ ਚੋਣ ਤੋਂ ਪਹਿਲਾਂ ਸੂਬਾ ਇੰਚਾਰਜ ਦਾ ਅਹੁਦਾ ਛੱਡਣਾ ਕਾਂਗਰਸ ਦੀ ਖਿੱਚੋਤਾਣ ਵਿਚ ਨਵਾਂ ਚੈਪਟਰ ਮੰਨਿਆ ਜਾ ਰਿਹਾ ਹੈ।