ਵਿਸ਼ਵ ਬੈਂਕ ਦੇ ਪ੍ਰਧਾਨ ਅਹੁਦੇ ''ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਸਿੱਖ ਅਜੇ ਬੰਗਾ, ਪੰਜਾਬ ਨਾਲ ਰੱਖਦੇ ਹਨ ਸਬੰਧ
Sunday, Apr 02, 2023 - 01:46 PM (IST)
ਨਵੀਂ ਦਿੱਲੀ- ਦੁਨੀਆ ਭਰ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਨੀਤੀ ਸੁਧਾਰ ਪ੍ਰੋਗਰਾਮਾਂ ਅਤੇ ਵਿਕਾਸ ਪ੍ਰਾਜੈਕਟਾਂ ਲਈ ਕਰਜ਼ ਦੇਣ ਵਾਲੇ ਵਿਸ਼ਵ ਬੈਂਕ ਬਾਰੇ ਹੋਰ ਜਾਣੀਏ ਤਾਂ ਪਤਾ ਲੱਗਦਾ ਹੈ ਕਿ 1944 'ਚ ਸੰਸਥਾ ਦੀ ਸਥਾਪਨਾ ਤੋਂ ਬਾਅਦ ਸਿਰਫ਼ ਅਮਰੀਕੀ ਨਾਗਰਿਕਾਂ ਹੀ ਇਸ ਦੇ ਅਹੁਦੇ ਲਈ ਚੁਣੇ ਗਏ ਹਨ। ਇਸ ਵਾਰ ਵੀ ਉਹ ਹੀ ਪਰੰਪਰਾ ਦਾ ਪਾਲਣ ਕੀਤਾ ਗਿਆ ਪਰ ਇਸ 'ਚ ਭਾਰਤ ਦਾ ਨਾਂ ਵੀ ਜੁੜਿਆ ਹੈ। ਦਰਅਸਲ ਵਿਸ਼ਵ ਬੈਂਕ ਦੇ ਪ੍ਰਧਾਨ ਅਹੁਦੇ ਲਈ ਨਾਮਜ਼ਦ ਅਜਪਾਲ ਸਿੰਘ ਬੰਗਾ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਫਰਵਰੀ 'ਚ ਬੰਗਾ ਨੂੰ ਇਸ ਅਹਿਮ ਅਹੁਦੇ ਲਈ ਨਾਮਜ਼ਦ ਕਰਨ ਦਾ ਐਲਾਨ ਕੀਤਾ ਸੀ। ਉਹ ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹੋਣਗੇ। ਕੌਮਾਂਤਰੀ ਮੁਦਰਾ ਫੰਡ (IMF) ਅਤੇ ਵਿਸ਼ਵ ਬੈਂਕ ਦੀ ਸਥਾਪਨਾ ਤੋਂ ਬਾਅਦ ਭਾਰਤੀ ਮੂਲ ਦਾ ਕੋਈ ਵੀ ਵਿਅਕਤੀ ਇਸ ਅਹੁਦੇ 'ਤੇ ਨਹੀਂ ਪਹੁੰਚਿਆ ਹੈ।
...ਤਾਂ ਇਸ ਲਈ ਲਿਆ ਗਿਆ ਬੰਗਾ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਬਣਾਉਣ ਦਾ ਫ਼ੈਸਲਾ
ਵਿਸ਼ਵ ਬੈਂਕ ਦੀ ਕਮਾਨ ਜਿੱਥੇ ਅਮਰੀਕੀ ਨਾਗਰਿਕ ਦੇ ਹੱਥਾਂ 'ਚ ਹੁੰਦੀ ਹੈ, ਉੱਥੇ ਹੀ IMF ਦਾ ਮੁਖੀ ਇਕ ਯੂਰਪੀਅਨ ਨਾਗਰਿਕ ਹੈ। ਵਿਸ਼ਵ ਬੈਂਕ ਅਤੇ ਇਸ ਦੀ ਪ੍ਰਧਾਨਗੀ ਦੀ ਮਹੱਤਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸੰਯੁਕਤ ਰਾਸ਼ਟਰ ਸੰਗਠਨ ਦੀ ਸਥਾਪਨਾ ਦਾ ਫੌਰੀ ਉਦੇਸ਼ ਦੂਜੇ ਵਿਸ਼ਵ ਯੁੱਧ ਅਤੇ ਵਿਸ਼ਵਵਿਆਪੀ ਸੰਕਟ ਤੋਂ ਪੀੜਤ ਦੇਸ਼ਾਂ ਦੀ ਮਦਦ ਕਰਨਾ ਸੀ। ਬੰਗਾ ਨੂੰ ਫਰਵਰੀ ਵਿਚ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਇਸ ਅਹੁਦੇ ਲਈ ਅਰਜ਼ੀ ਦੀ ਤਾਰੀਖ਼ 29 ਮਾਰਚ ਸੀ। ਬੰਗਾ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਬਣਾਉਣ ਦਾ ਫ਼ੈਸਲਾ ਕਿਸੇ ਹੋਰ ਦੇਸ਼ ਵੱਲੋਂ ਇਸ ਅਹੁਦੇ 'ਤੇ ਦਾਅਵਾ ਨਾ ਕੀਤੇ ਜਾਣ ਕਾਰਨ ਕੀਤਾ ਗਿਆ ਹੈ। ਹਾਲਾਂਕਿ ਰਸਮੀ ਰੂਪ ਨਾਲ ਇਸ ਅਹੁਦੇ 'ਤੇ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕਰਨ ਤੋਂ ਪਹਿਲਾਂ ਵਿਸ਼ਵ ਬੈਂਕ ਦੇ ਕਾਰਜਕਾਰੀ ਡਾਇਰੈਕਟਰ ਬੋਰਡ ਵਲੋਂ ਮਾਸਟਰਕਾਰਡ ਇੰਕ ਦੇ CEO ਬੰਗਾ ਦਾ ਇੰਟਰਵਿਊ ਲਿਆ ਜਾਵੇਗਾ।
ਡੇਵਿਡ ਮਲਪਾਸ ਦੀ ਥਾਂ ਲੈਣਗੇ ਬੰਗਾ
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਬੰਗਾ ਸਾਬਕਾ ਪ੍ਰਧਾਨ ਡੇਵਿਡ ਮਲਪਾਸ ਦੀ ਥਾਂ ਲੈਣਗੇ। ਮਲਪਾਸ ਨੂੰ 2019 ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਨਾਮਜ਼ਦ ਕੀਤਾ ਗਿਆ ਸੀ ਅਤੇ ਉਹ ਬਿਨਾਂ ਕਿਸੇ ਵਿਰੋਧ ਚੁਣੇ ਗਏ ਸਨ। ਮਲਪਾਸ ਨੇ ਲਗਭਗ ਇਕ ਸਾਲ ਪਹਿਲਾਂ ਅਹੁਦਾ ਛੱਡਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਨਾਲ ਬੰਗਾ ਲਈ ਇਸ ਵੱਕਾਰੀ ਅਹੁਦੇ ਤੱਕ ਪਹੁੰਚਣ ਦਾ ਰਾਹ ਪੱਧਰਾ ਹੋ ਗਿਆ ਸੀ।
ਕੌਣ ਨੇ ਅਜੇਪਾਲ ਬੰਗਾ
ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਬੰਗਾ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਮੂਲ ਰੂਪ ਵਿਚ ਭਾਰਤ ਦੇ ਜਲੰਧਰ, ਪੰਜਾਬ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਬੰਗਾ ਭਾਰਤੀ ਫੌਜ ਵਿਚ ਇਕ ਅਧਿਕਾਰੀ ਸਨ ਅਤੇ ਉਨ੍ਹਾਂ ਦਾ ਅਕਸਰ ਦੇਸ਼ ਭਰ 'ਚ ਛਾਉਣੀ ਖੇਤਰਾਂ 'ਚ ਤਬਾਦਲਾ ਕੀਤਾ ਜਾਂਦਾ ਸੀ।
ਕਿੱਥੇ ਹੋਇਆ ਅਜੇ ਬੰਗਾ ਦਾ ਜਨਮ
ਹਰਭਜਨ ਸਿੰਘ ਬੰਗਾ ਦੇ ਘਰ 10 ਨਵੰਬਰ 1959 ਨੂੰ ਮਹਾਰਾਸ਼ਟਰ ਵਿਚ ਪੁਣੇ ਦੇ ਖੜਕੀ ਛਾਉਣੀ ਖੇਤਰ ਵਿਚ ਤਾਇਨਾਤੀ ਦੌਰਾਨ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਅਜੇ ਰੱਖਿਆ ਗਿਆ। ਹਰਭਜਨ ਸਿੰਘ ਬੰਗਾ ਫੌਜ 'ਚੋਂ ਲੈਫਟੀਨੈਂਟ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਅਜੇ ਬੰਗਾ ਦੀ ਮਾਤਾ ਦਾ ਨਾਂ ਜਸਵੰਤ ਬੰਗਾ ਅਤੇ ਵੱਡੇ ਭਰਾ ਦਾ ਨਾਂ ਐਮ. ਐਸ. ਬੰਗਾ ਹੈ, ਜੋ ਆਪਣਾ ਕਾਰੋਬਾਰ ਕਰਦੇ ਹਨ। ਅਜੇ ਬੰਗਾ ਦੀ ਪਤਨੀ ਦਾ ਨਾਂ ਰਿਤੂ ਬੰਗਾ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ- ਅਦਿਤੀ ਬੰਗਾ ਅਤੇ ਜੋਜੋ ਬੰਗਾ।
ਸਿੱਖਿਆ ਅਤੇ ਕਰੀਅਰ
ਬੰਗਾ ਦੀ ਮੁੱਢਲੀ ਸਿੱਖਿਆ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਸੇਂਟ ਐਡਵਰਡ ਸਕੂਲ ਅਤੇ ਹੈਦਰਾਬਾਦ ਦੇ ਹੈਦਰਾਬਾਦ ਪਬਲਿਕ ਸਕੂਲ ਵਿਚ ਹੋਈ। ਸੇਂਟ ਸਟੀਫਨ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਬੀ.ਏ (ਆਨਰਜ਼) ਅਰਥ ਸ਼ਾਸਤਰ ਦੀ ਡਿਗਰੀ ਅਤੇ ਇੰਸਟੀਚਿਊਟ ਆਫ਼ ਮੈਨੇਜਮੈਂਟ, ਅਹਿਮਦਾਬਾਦ ਤੋਂ MBA ਦੇ ਬਰਾਬਰ ਪੀ.ਜੀ.ਪੀ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1981 ਵਿਚ ਬੰਗਾ ਨੇ ਨੇਸਲੇ ਕੰਪਨੀ ਵਿਚ ਇਕ ਪ੍ਰਬੰਧਨ ਸਿਖਿਆਰਥੀ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਇਸ ਕੰਪਨੀ ਵਿਚ ਲਗਭਗ 13 ਸਾਲ ਬਿਤਾਏ। ਬਾਅਦ ਵਿਚ ਉਹ ਪੈਪਸੀਕੋ 'ਚ ਸ਼ਾਮਲ ਹੋਏ ਅਤੇ 1996 ਵਿਚ ਸਿਟੀਗਰੁੱਪ ਵਿਚ ਸ਼ਾਮਲ ਹੋਏ।
2007 'ਚ ਲਈ ਅਮਰੀਕਾ ਦਾ ਨਾਗਰਿਕਤਾ
ਬੰਗਾ ਨੇ 2007 ਵਿਚ US ਦੀ ਨਾਗਰਿਕਤਾ ਲਈ ਅਤੇ 2008 ਵਿਚ ਉਨ੍ਹਾਂ ਨੇ ਬੈਂਕ ਦੇ ਏਸ਼ੀਅਨ ਖੇਤਰ ਦੇ ਕਾਰਜਾਂ ਦੀ ਇਕ ਵੱਡੀ ਸਮੀਖਿਆ ਕੀਤੀ। ਖੇਤਰੀ ਮੁਖੀਆਂ ਨੂੰ ਵਧੇਰੇ ਸ਼ਕਤੀਆਂ ਦਿੱਤੀਆਂ। ਉਸੇ ਸਾਲ ਕੰਪਨੀ ਨੇ ਉਨ੍ਹਾਂ ਨੂੰ 10 ਮਿਲੀਅਨ ਡਾਲਰ ਦਾ ਵਾਧੂ ਭੁਗਤਾਨ ਕੀਤਾ ਅਤੇ ਉਹ ਸਮੂਹ ਵਿਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਧਿਕਾਰੀ ਬਣੇ। 2010 ਤੋਂ 2021 ਤੱਕ ਬੰਗਾ ਮਾਸਟਰਕਾਰਡ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੂੰ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਮੈਂਬਰ ਵੀ ਬਣਾਇਆ ਗਿਆ ਸੀ। ਆਪਣੇ ਕਾਰਜਕਾਲ ਦੌਰਾਨ ਬੰਗਾ ਨੇ ਮਾਸਟਰਕਾਰਡ ਦੀ ਆਮਦਨ ਨੂੰ ਤਿੰਨ ਗੁਣਾ ਅਤੇ ਕੁੱਲ ਆਮਦਨ ਨੂੰ 6 ਗੁਣਾ ਕਰ ਦਿੱਤਾ, ਜਿਸ ਨਾਲ ਕੰਪਨੀ ਦੀ ਮਾਰਕੀਟ ਪੂੰਜੀ 30 ਅਰਬ ਡਾਲਰ ਤੋਂ 300 ਅਰਬ ਡਾਲਰ ਹੋ ਗਈ।