ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨਵੇਂ ਹਵਾਈ ਫ਼ੌਜ ਮੁਖੀ ਨਿਯੁਕਤ
Saturday, Sep 21, 2024 - 02:51 PM (IST)
ਨਵੀਂ ਦਿੱਲੀ (ਵਾਰਤਾ)- ਹਵਾਈ ਫ਼ੌਜ ਦੇ ਵਾਈਸ ਚੀਫ਼ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੂੰ ਨਵਾਂ ਹਵਾਈ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਮੁਤਾਬਕ ਉਨ੍ਹਾਂ ਨੂੰ 30 ਸਤੰਬਰ ਤੋਂ ਏਅਰ ਚੀਫ ਮਾਰਸ਼ਲ ਦੇ ਰੈਂਕ ਦੇ ਨਾਲ ਹਵਾਈ ਫ਼ੌਜ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਮੌਜੂਦਾ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ ਜਗ੍ਹਾ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਏਅਰ ਚੀਫ ਮਾਰਸ਼ਲ ਚੌਧਰੀ 30 ਸਤੰਬਰ ਨੂੰ ਸੇਵਾਮੁਕਤ ਹੋ ਜਾਣਗੇ। 27 ਅਕਤੂਬਰ 1964 ਨੂੰ ਜਨਮੇ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੂੰ ਦਸੰਬਰ 1984 'ਚ ਭਾਰਤੀ ਹਵਾਈ ਫ਼ੌਜ ਦੀ ਲੜਾਕੂ ਪਾਇਲਟ ਸਟ੍ਰੀਮ 'ਚ ਨਿਯੁਕਤ ਕੀਤਾ ਗਿਆ ਸੀ। ਲਗਭਗ 40 ਸਾਲਾਂ ਦੀ ਆਪਣੀ ਲੰਬੀ ਅਤੇ ਨਿਵੇਕਲੀ ਸੇਵਾ ਦੌਰਾਨ ਉਨ੍ਹਾਂ ਨੇ ਵੱਖ-ਵੱਖ ਕਮਾਂਡਾਂ, ਸਟਾਫ਼ 'ਚ ਸੇਵਾਵਾਂ ਨਿਭਾਈਆਂ ਹਨ।
ਰਾਸ਼ਟਰੀ ਰੱਖਿਆ ਅਕਾਦਮੀ, ਰੱਖਿਆ ਸੇਵਾ ਸਟਾਫ਼ ਕਾਲਜ ਅਤੇ ਰਾਸ਼ਟਰੀ ਰੱਖਿਆ ਕਾਲਜ ਦੇ ਸਾਬਕਾ ਵਿਦਿਆਰਥੀ, ਹਵਾਈ ਅਧਿਕਾਰੀ ਇਕ ਯੋਗ ਉਡਾਣ ਟਰੇਨੀ ਅਤੇ ਇਕ ਪ੍ਰਾਯੋਗਿਕ ਟੈਸਟ ਪਾਇਲਟ ਹਨ, ਜਿਨ੍ਹਾਂ ਕੋਲ ਵੱਖ-ਵੱਖ ਤਰ੍ਹਾਂ ਦੇ ਸਥਿਰ ਅਤੇ ਰੋਟਰੀ ਵਿੰਗ ਜਹਾਜ਼ਾਂ 'ਤੇ 5 ਹਜ਼ਾਰ ਘੰਟੇ ਤੋਂ ਵੱਧ ਉਡਾਣ ਦਾ ਅਨੁਭਵ ਹੈ। ਆਪਣੇ ਕਰੀਅਰ ਦੌਰਾਨ, ਉਨ੍ਹਾਂ ਨੇ ਇਕ ਆਪਰੇਸ਼ਨਲ ਫਾਈਟਰ ਸਕੁਐਡਰਨ ਅਤੇ ਇਕ ਫਰੰਟਲਾਈਨ ਏਅਰਬੇਸ ਦੀ ਕਮਾਨ ਸੰਭਾਲੀ ਹੈ। ਇਕ ਪ੍ਰੀਖਣ ਪਾਇਲਟ ਵਜੋਂ ਉਨ੍ਹਾਂ ਨੇ ਮਾਸਕੋ, ਰੂਸ 'ਚ ਮਿਗ-29 ਅਪਗ੍ਰੇਡ ਪ੍ਰਾਜੈਕਟ ਮੈਨੇਜਮੈਂਟ ਟੀਮ ਦੀ ਅਗਵਾਈ ਕੀਤੀ। ਉਹ ਰਾਸ਼ਟਰੀ ਉਡਾਣ ਪ੍ਰੀਖਣ ਕੇਂਦਰ 'ਚ ਪ੍ਰਾਜੈਕਟ ਡਾਇਰੈਕਟਰ (ਫਲਾਈਟ ਟੈਸਟ) ਵੀ ਰਹੇ ਹਨ ਅਤੇ ਉਨ੍ਹਾਂ ਨੂੰ ਹਲਕੇ ਲੜਾਕੂ ਜਹਾਜ਼, ਤੇਜਸ ਦੇ ਉਡਾਣ ਪ੍ਰੀਖਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਨੇ ਦੱਖਣ ਪੱਛਮ ਹਵਾਈ ਕਮਾਨ 'ਚ ਹਵਾਈ ਰੱਖਿਆ ਕਮਾਂਡਰ ਅਤੇ ਪੂਰਬੀ ਹਵਾੀ ਕਮਾਨ 'ਚ ਸੀਨੀਅਰ ਹਵਾਈ ਕਰਮਚਾਰੀ ਅਧਿਾਕਰੀ ਦੀਆਂ ਮਹੱਤਵਪੂਰਨ ਸਟਾਫ਼ ਨਿਯੁਕਤੀਆਂ 'ਤੇ ਕੰਮ ਕੀਤਾ ਹੈ। ਹਵਾਈ ਫ਼ੌਜ ਉੱਪ ਮੁਖੀ ਦਾ ਅਹੁਦਾ ਸੰਭਾਲਣ ਤੋਂ ਪਹਿਲੇ, ਉਹ ਮੱਧ ਹਵਾਈ ਕਮਾਨ ਦੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8