ਵੀਜ਼ਾ ਧਾਰਕਾਂ ਤੇ ਵਿਦੇਸ਼ੀਆਂ ਲਈ ਏਅਰ ਇੰਡੀਆ ਨੇ ਸ਼ੁਰੂ ਕੀਤੀ ਉਡਾਣਾਂ ਦੀ ਬੁਕਿੰਗ
Thursday, May 07, 2020 - 09:28 PM (IST)
ਨਵੀਂ ਦਿੱਲੀ (ਭਾਸ਼ਾ) - ਏਅਰ ਇੰਡੀਆ ਨੇ ਅਮਰੀਕਾ, ਬਿ੍ਰਟੇਨ ਅਤੇ ਸਿੰਗਾਪੁਰ ਦੇ ਕਾਨੂੰਨੀ ਵੀਜ਼ਾ ਧਾਰਕਾਂ ਅਤੇ ਜਾਣ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ 'ਵੰਦੇ ਭਾਰਤ ਅਭਿਆਨ' ਤਹਿਤ 7 ਤੋਂ 14 ਮਈ ਤੱਕ ਉਥੇ ਜਾਣ ਵਾਲੀਆਂ ਉਡਾਣਾਂ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਆਖਿਆ ਹੈ ਕਿ ਵਿਦੇਸ਼ੀ ਨਾਗਰਿਕਾਂ ਜਾਂ ਕਾਨੂੰਨੀ ਵੀਜ਼ਾ ਧਾਰਕਾਂ ਤੋਂ ਉਥੇ ਹੀ ਕਿਰਾਇਆ ਲਿਆ ਜਾਵੇਗਾ, ਜੋ ਉਥੋਂ ਆਉਣ ਵਾਲੇ ਭਾਰਤੀ ਨਾਗਰਿਕਾਂ ਤੋਂ ਲਿਆ ਜਾ ਰਿਹਾ ਹੈ।
ਭਾਰਤ ਅਤੇ ਅਮਰੀਕਾ ਵਿਚਾਲੇ ਵੰਦੇ ਭਾਰਤ ਅਭਿਆਨ ਦੇ ਤਹਿਤ ਚੱਲ ਰਹੀਆਂ ਉਡਾਣਾਂ ਲਈ ਪ੍ਰਤੀ ਯਾਤਰੀ ਕਿਰਾਏ ਦੇ ਤੌਰ 'ਤੇ ਇਕ ਲੱਖ ਰੁਪਏ ਲਏ ਜਾ ਰਹੇ ਹਨ। ਭਾਰਤ ਅਤੇ ਸਿੰਗਾਪੁਰ ਵਿਚਾਲੇ ਉਡਾਣ ਦਾ ਕਿਰਾਇਆ ਪ੍ਰਤੀ ਯਾਤਰਾ 18000 ਤੋਂ 20000 ਰੁਪਏ ਹੈ ਜਦਕਿ ਬਿ੍ਰਟੇਨ ਲਈ ਕਿਰਾਇਆ ਪ੍ਰਤੀ ਯਾਤਰੀ ਦੇ ਹਿਸਾਬ ਨਾਲ 50,000 ਰੁਪਏ ਹੈ।
ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਸੀ ਕਿ ਜਿਸ ਵਿਅਕਤੀ ਕੋਲ ਵਿਦੇਸ਼ੀ ਭਾਰਤੀ ਨਾਗਰਿਕਤਾ (ਓ. ਸੀ. ਆਈ.) ਕਾਰਡ ਜਾਂ ਦੂਜੇ ਦੇਸ਼ ਦੀ ਨਾਗਰਿਕਤਾ ਜਾਂ ਉਸ ਦੇਸ਼ ਦਾ ਇਕ ਸਾਲ ਤੋਂ ਜ਼ਿਆਦਾ ਮਿਆਦ ਦਾ ਕਾਨੂੰਨੀ ਵੀਜ਼ਾ ਹੈ ਜਾਂ ਗ੍ਰੀਨ ਕਾਰਡ ਹੈ, ਉਹ ਵੰਦੇ ਭਾਰਤ ਅਭਿਆਨ ਦੇ ਤਹਿਤ ਭਾਰਤ ਤੋਂ ਉਸ ਦੇਸ਼ ਦੀ ਯਾਤਰਾ ਦਾ ਪਾਤਰ ਹੈ।