AIR INDIA ਦੀਆਂ 14 ਅਕਤੂਬਰ ਤੱਕ ਫ੍ਰੈਂਕਫਰਟ ਲਈ ਉਡਾਣਾਂ ਰੱਦ

Thursday, Oct 01, 2020 - 10:35 PM (IST)

ਨਵੀਂ ਦਿੱਲੀ— ਜਰਮਨੀ ਅਤੇ ਭਾਰਤ ਵਿਚਕਾਰ 'ਏਅਰ ਬੱਬਲ' ਕਰਾਰ ਨੂੰ ਲੈ ਕੇ ਮਤਭੇਦ ਪੈਦਾ ਹੋਣ ਕਾਰਨ ਜਰਮਨੀ ਨੇ ਹੁਣ ਏਅਰ ਇੰਡੀਆ ਦੀ ਫ੍ਰੈਂਕਫਰਟ ਲਈ ਉਡਾਣਾਂ ਚਲਾਉਣ ਦੀ ਇਜਾਜ਼ਤ ਵਾਪਸ ਲੈ ਲਈ ਹੈ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ, ''ਜਰਮਨੀ ਵੱਲੋਂ ਇਜਾਜ਼ਤ ਵਾਪਸ ਲੈਣ ਕਾਰਨ ਫ੍ਰੈਂਕਫਰਟ ਆਉਣ-ਜਾਣ ਵਾਲੀਆਂ ਸਾਡੀਆਂ ਸਾਰੀਆਂ ਉਡਾਣਾਂ 14 ਅਕਤੂਬਰ ਤੱਕ ਲਈ ਰੱਦ ਹੋ ਗਈਆਂ ਹਨ।

ਜਰਮਨੀ ਵੱਲੋਂ ਇਜਾਜ਼ਤ ਵਾਪਸ ਲੈਣ ਨਾਲ ਏਅਰ ਇੰਡੀਆ ਦੀਆਂ ਕੁੱਲ 12 ਉਡਾਣਾਂ ਰੱਦ ਹੋਈਆਂ ਹਨ, ਜਿਨ੍ਹਾਂ 'ਚ 10 ਦਿੱਲੀ-ਫ੍ਰੈਂਕਫਰਟ ਅਤੇ ਦੋ ਬੇਂਗਲੁਰੂ-ਫ੍ਰੈਂਕਫਰਟ ਮਾਰਗ ਦੀਆਂ ਹਨ। ਜਰਮਨੀ ਦਾ ਇਹ ਕਦਮ ਉਸ ਤੋਂ ਬਾਅਦ ਆਇਆ ਹੈ ਜਦੋਂ ਲੁਫਥਾਂਸਾ ਨੇ 20 ਅਕਤੂਬਰ ਤੱਕ ਭਾਰਤ ਲਈ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ।

ਫਿਲਹਾਲ ਫਰਾਂਸ ਇਕਲੌਤਾ ਯੂਰਪੀ ਦੇਸ਼ ਹੈ, ਜਿਸ ਨਾਲ ਇਸ ਸਮੇਂ ਏਅਰ ਬੱਬਲ ਸਮਝੌਤੇ ਤਹਿਤ ਉਡਾਣਾਂ ਹਨ। ਕਿਹਾ ਜਾ ਰਿਹਾ ਹੈ ਕਿ ਏਅਰ ਇੰਡੀਆ ਅਤੇ ਲੁਫਥਾਂਸਾ ਇਸ ਮਹੀਨੇ ਦੇ ਅੰਤ ਤੋਂ ਭਾਰਤ ਅਤੇ ਜਰਮਨੀ ਦਰਮਿਆਨ ਉਡਾਣਾਂ ਮੁੜ ਤੋਂ ਸ਼ੁਰੂ ਕਰਨਗੀਆਂ।

ਗੌਰਤਲਬ ਹੈ ਕਿ ਭਾਰਤ ਤੇ ਜਰਮਨੀ ਵਿਚਕਾਰ ਏਅਰ ਬੱਬਲ ਸਮਝੌਤੇ ਤਹਿਤ ਚੱਲਣ ਵਾਲੀਆਂ ਉਡਾਣਾਂ ਦੇ ਮੁੱਦੇ 'ਤੇ ਮਤਭੇਦ ਕਾਰਨ ਲੁਫਥਾਂਸਾ ਨੇ ਭਾਰਤ ਲਈ ਪਹਿਲਾਂ ਤੋਂ ਯੋਜਨਾ ਅਨੁਸਾਰ ਨਿਰਧਾਰਤ ਉਡਾਣਾਂ ਨੂੰ 20 ਅਕਤੂਬਰ ਲਈ ਰੱਦ ਦਿੱਤਾ। ਜਰਮਨੀ ਨਾਲ ਜੁਲਾਈ 'ਚ ਏਅਰ ਬੱਬਲ ਕਰਾਰ ਤਹਿਤ ਲੁਫਥਾਂਸਾ ਹਫਤੇ 'ਚ 20 ਉਡਾਣਾਂ ਚਲਾ ਰਹੀ ਸੀ, ਜਦੋਂ ਕਿ ਭਾਰਤੀ ਏਅਰਲਾਈਨਾਂ ਦੀਆਂ ਹਫਤੇ 'ਚ ਸਿਰਫ 3-4 ਉਡਾਣਾਂ ਹੀ ਚੱਲ ਰਹੀਆਂ ਸਨ। ਲੁਫਥਾਂਸਾ ਨੂੰ ਹਫਤੇ 'ਚ 7 ਉਡਾਣਾਂ ਸੀਮਤ ਕਰਨ ਲਈ ਕਿਹਾ ਗਿਆ ਸੀ, ਜੋ ਉਸ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਗੱਲਬਾਤ ਜਾਰੀ ਹੈ।


Sanjeev

Content Editor

Related News