ਏਅਰ ਇੰਡੀਆ ਦਾ ਕਾਮਿਆਂ ਨੂੰ ਤੋਹਫ਼ਾ, ਹਫ਼ਤੇ ''ਚ 3 ਦਿਨ ਕੰਮ ਕਰਨ ਦੀ ਕੀਤੀ ਪੇਸ਼ਕਸ਼

Saturday, Jun 20, 2020 - 10:53 AM (IST)

ਏਅਰ ਇੰਡੀਆ ਦਾ ਕਾਮਿਆਂ ਨੂੰ ਤੋਹਫ਼ਾ, ਹਫ਼ਤੇ ''ਚ 3 ਦਿਨ ਕੰਮ ਕਰਨ ਦੀ ਕੀਤੀ ਪੇਸ਼ਕਸ਼

ਨਵੀਂ ਦਿੱਲੀ (ਭਾਸ਼ਾ) : ਏਅਰ ਇੰਡੀਆ ਨੇ ਆਪਣੇ ਸਥਾਈ ਕਾਮਿਆਂ ਲਈ 'ਹਫ਼ਤੇ ਵਿਚ ਘੱਟ ਦਿਨ ਕੰਮ ਦੀ ਯੋਜਨਾ' ਪੇਸ਼ ਕੀਤੀ ਹੈ। ਇਸ ਦੇ ਤਹਿਤ ਪਾਇਲਟਾਂ ਅਤੇ ਕੈਬਨ ਕਰੂ ਮੈਬਰਾਂ ਨੂੰ ਛੱਡ ਕੇ ਏਅਰਲਾਈਨ ਦੇ ਸਥਾਈ ਕਾਮੇ ਹਫ਼ਤੇ ਵਿਚ 3 ਦਿਨ ਕੰਮ ਦਾ ਬਦਲ ਚੁਣ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ 60 ਫ਼ੀਸਦੀ ਤਨਖ਼ਾਹ ਦਿੱਤੀ ਜਾਵੇਗੀ।

ਏਅਰਲਾਈਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਉਪਾਅ ਲਾਗੂ ਕਰਨ ਦਾ ਮਕਸਦ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਏਅਰ ਇੰਡੀਆ ਦੀ ਨਗਦੀ ਪ੍ਰਵਾਹ ਦੀ ਸਥਿਤੀ ਨੂੰ ਸੁਧਾਰਨਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜੋ ਸਥਾਈ ਕਾਮੇ ਇਸ ਬਦਲ ਨੂੰ ਚੁਣਨਗੇ, ਉਹ ਇਸ ਯੋਜਨਾ ਨੂੰ 1 ਸਾਲ ਤੱਕ ਲਈ ਅਪਣਾ ਸਕਦੇ ਹਨ। ਇਸ ਮਹਾਮਾਰੀ ਨਾਲ ਹਵਾਬਾਜ਼ੀ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਸੰਕਟ ਵਿਚ ਲਗਭਗ ਸਾਰੀਆਂ ਏਅਰਲਾਈਨਜ਼ ਨੇ ਆਪਣੇ ਨਗਦੀ ਪ੍ਰਵਾਹ ਨੂੰ ਸੁਧਾਰਣ ਲਈ ਕਾਮਿਆਂ ਦੀ ਤਨਖ਼ਾਹ ਵਿਚ ਕਟੌਤੀ ਅਤੇ ਛਾਂਟੀ ਵਰਗੇ ਕਦਮ ਚੁੱਕੇ ਹਨ।  ਅਧਿਕਾਰੀਆਂ ਨੇ ਕਿਹਾ ਕਿ ਜੋ ਕਾਮੇ ਹਫ਼ਤੇ ਵਿਚ ਘੱਟ ਦਿਨ ਕੰਮ ਦਾ ਬਦਲ ਚੁਣਨਗੇ, ਉਨ੍ਹਾਂ ਨੂੰ ਬਾਕੀ ਦਿਨਾਂ ਵਿਚ ਕਿਸੇ ਹੋਰ ਰੋਜ਼ਗਾਰ ਦੇ ਬਦਲ ਦੀ ਇਜਾਜ਼ਤ ਨਹੀਂ ਹੋਵੇਗੀ। ਦੇਸ਼ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ 25 ਮਾਰਚ ਤੋਂ ਤਾਲਾਬੰਦੀ ਲਗਾਈ ਗਈ ਸੀ। ਦੇਸ਼ ਵਿਚ ਸੀਮਤ ਗਿਣਤੀ ਵਿਚ ਘਰੇਲੂ ਯਾਤਰੀ ਉਡਾਣਾਂ 25 ਮਈ ਤੋਂ ਦੁਬਾਰਾ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਕੌਮਾਂਤਰੀ ਯਾਤਰੀ ਉਡਾਣਾਂ ਅਜੇ ਬੰਦ ਹਨ।


author

cherry

Content Editor

Related News