ਏਮਜ਼ ਪ੍ਰਸ਼ਾਸਨ ਨੇ ਸੀਨੀਅਰ ਡਾਕਟਰ ਨੂੰ ''ਕਾਰਨ ਦੱਸੋ'' ਨੋਟਿਸ ਜਾਰੀ ਕੀਤਾ

06/02/2020 4:54:35 PM

ਨਵੀਂ ਦਿੱਲੀ- ਏਮਜ਼ ਪ੍ਰਸ਼ਾਸਨ ਨੇ ਇਕ ਸੀਨੀਅਰ ਰੇਜੀਡੈਂਟ ਡਾਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਨੇ ਟਵਿੱਟਰ 'ਤੇ ਦਾਅਵਾ ਕੀਤਾ ਸੀ ਕਿ ਕੇਂਦਰੀ ਸਿਹਤ ਮਹਿਕਮਾ ਅਤੇ ਆਈ.ਸੀ.ਐੱਮ.ਆਰ. ਵਲੋਂ ਐੱਨ95 ਮਾਸਕ ਬਾਰੇ ਦਿੱਤੇ ਗਏ ਅੰਕੜੇ ਝੂਠ ਹਨ। ਡਾ. ਸ਼੍ਰੀਨਿਵਾਸ ਰਾਜਕੁਮਾਰ ਵਲੋਂ 25 ਮਈ ਨੂੰ ਪੋਸਟ ਕੀਤੇ ਗਏ ਟਵੀਟ 'ਚ ਐੱਨ95 ਮਾਸਕ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ। ਏਮਜ਼ ਪ੍ਰਸ਼ਾਸਨ ਨੇ ਕਾਰਨ ਦੱਸੋ ਨੋਟਿਸ 'ਚ ਕਿਹਾ,''ਡਾ. ਸ਼੍ਰੀਨਿਵਾਸ ਨੇ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਵੇਰਵਾ ਨਹੀਂ ਦਿੱਤਾ ਹੈ।

ਏਮਜ਼ 'ਚ ਸੀਨੀਅਰ ਡਾਕਟਰ ਹੋਣ ਦੇ ਨਾਲ ਹੀ ਉਹ ਆਰ.ਡੀ.ਏ., ਏਮਜ਼ ਦੇ ਸਕੱਤਰ ਵੀ ਹਨ। ਇਨ੍ਹਾਂ ਮਹੱਤਵਪੂਰਨ ਅਹੁਦਿਆਂ 'ਤੇ ਹੋਣ ਕਾਰਨ ਉਨ੍ਹਾਂ ਦੇ ਬਿਆਨ ਦੇਸ਼ ਭਰ 'ਚ ਜਨਤਾ ਅਤੇ ਸਿਹਤ ਵਰਕਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।'' ਨੋਟਿਸ 'ਚ ਕਿਹਾ ਗਿਆ ਹੈ ਕਿ ਅਜਿਹੇ ਸਮੇਂ ਜਦੋਂ ਦੇਸ਼ ਮਹਾਮਾਰੀ ਵਿਰੁੱਧ ਲੜ ਰਿਹਾ ਹੈ, ਇਸ ਤਰ੍ਹਾਂ ਦੇ ਗਲਤ ਬਿਆਨਾਂ ਨੇ ਮੋਹਰੀ ਲਾਈਨ 'ਚ ਕੰਮ ਕਰਨ ਵਾਲੇ ਸਿਹਤ ਵਰਕਰਾਂ ਦਾ ਮਨੋਬਲ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਤੋਂ ਸਵਾਲ ਕੀਤਾ ਗਿਆ ਹੈ ਕਿ ਕੇਂਦਰੀ ਸਿਵਲ ਸੇਵਾ (ਵਰਗੀਕਰਨ, ਕੰਟਰੋਲ ਅਤੇ ਅਪੀਲ) ਨਿਯਮਾਂ ਦੀ ਉਲੰਘਣਾ ਲਈ ਕਿਉਂ ਨਹੀਂ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੂੰ 3 ਜੂਨ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ।


DIsha

Content Editor

Related News