PM ਮੋਦੀ ਦੀ ਯਾਤਰਾ ਤੋਂ ਪਹਿਲਾਂ ਜੰਮੂ ਦੀ ਪੱਲੀ ਪੰਚਾਇਤ ਨੂੰ ਮਿਲਿਆ ਸੌਰ ਊਰਜਾ ਪਲਾਂਟ

Tuesday, Apr 19, 2022 - 05:58 PM (IST)

PM ਮੋਦੀ ਦੀ ਯਾਤਰਾ ਤੋਂ ਪਹਿਲਾਂ ਜੰਮੂ ਦੀ ਪੱਲੀ ਪੰਚਾਇਤ ਨੂੰ ਮਿਲਿਆ ਸੌਰ ਊਰਜਾ ਪਲਾਂਟ

ਸਾਂਬਾ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਦੌਰੇ ਤੋਂ ਪਹਿਲਾਂ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਮੰਗਲਵਾਰ ਨੂੰ ਸਾਂਬਾ ਜ਼ਿਲ੍ਹੇ ਦੇ ਪੱਲੀ ਪੰਚਾਇਤ ਸਮਿਤੀ ਖੇਤਰ 'ਚ 500 ਕਿਲੋਵਾਟ ਸਮਰੱਥਾ ਦੇ ਸੌਰ ਊਰਜਾ ਪਲਾਂਟ ਦਾ ਦੌਰਾ ਕੀਤਾ। ਪਲਾਂਟ ਨੂੰ 20 ਦਿਨਾਂ ਦੇ ਰਿਕਾਰਡ ਸਮੇਂ 'ਚ ਪੂਰਾ ਕੀਤਾ ਗਿਆ ਹੈ ਅਤੇ ਇਸ ਨਾਲ ਬਿਜਲੀ ਉਤਪਾਦਨ ਚਾਲੂ ਹੋ ਗਿਆ ਹੈ। ਸ਼੍ਰੀ ਮੋਦੀ ਰਾਸ਼ਟਰੀ ਪੰਚਾਇਤੀ ਰਾਜ ਦਿਵਸ 'ਤੇ 24 ਅਪ੍ਰੈਲ ਨੂੰ ਜੰਮੂ ਦਾ ਦੌਰਾ ਕਰਨ ਵਾਲੇ ਹਨ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਡਾ. ਸਿੰਘ ਨੇ ਪੱਲੀ ਪੰਚਾਇਤ 'ਚ ਸਥਾਪਤ ਪਲਾਂਟ ਦਾ ਦੌਰਾ ਕੀਤਾ ਅਤੇ ਇਸ ਦੇ ਕੰਮਕਾਜ ਬਾਰੇ ਜਾਣਕਾਰੀ ਲਈ। ਇਸ ਦੇ ਚਾਲੂ ਹੋਣ ਨਾਲ ਪਿੰਡ ਦੇ 340 ਘਰਾਂ ਨੂੰ ਸ਼ੁੱਧ ਊਰਜਾ ਮਿਲੇਗੀ। ਉਨ੍ਹਾਂ ਦੇ ਨਾਲ ਸੰਸਦ ਮੈਂਬਰ ਕਿਸ਼ੋਰ ਸ਼ਰਮਾ ਅਤੇ ਸੈਂਟਰਲ ਇਲੈਕਟ੍ਰੋਨਿਕਸ ਲਿਮਟਿਡ (ਸੀ.ਈ.ਐੱਲ.) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਚੇਤਨ ਪ੍ਰਕਾਸ਼ ਜੈਨ ਵੀ ਮੌਜੂਦ ਸਨ। ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ ਦੇ ਉਪਕ੍ਰਮ ਸੀ.ਈ.ਐੱਲ. ਦੀ ਟੀਮ ਨੇ ਪ੍ਰਧਾਨ ਮੰਤਰੀ ਦੀ ਯਾਤਰਾ ਤੋਂ ਪਹਿਲਾਂ ਬਹੁਤ ਘੱਟ ਸਮੇਂ 'ਚ ਇੱਥੇ ਇਸ ਪਲਾਂਟ ਦਾ ਨਿਰਮਾਣ ਕੀਤਾ ਹੈ। ਡਾ. ਸਿੰਘ ਨੇ 20 ਦਿਨਾਂ ਅੰਦਰ ਇਸ 500 ਕਿਲੋਵਾਟ ਦੇ ਸੌਰ ਊਰਜਾ ਪਲਾਂਟ ਦੀ ਸਥਾਪਨਾ ਲਈ ਸੀ.ਈ.ਐੱਲ. ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ।  

ਉਨ੍ਹਾਂ ਕਿਹਾ ਕਿ 6,408 ਵਰਗ ਮੀਟਰ 'ਚ ਫੈਲੇ ਇਸ ਪਲਾਂਟ ਨੂੰ 25 ਲੋਕਾਂ ਦੀ ਟੀਮ ਨੇ ਰਿਕਾਰਡ ਰਫ਼ਤਾਰ ਨਾਲ ਪੂਰਾ ਕੀਤਾ ਹੈ ਅਤੇ 2.75 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਸ ਨਾਲ ਪੰਚਾਇਤ ਸਮਿਤੀ ਦੇ 340 ਘਰਾਂ ਨੂੰ ਰੋਜ਼ਾਨਾ ਕਰੀਬ 2000 ਯੂਨਿਟ ਸਵੱਛ ਬਿਜਲੀ ਸਥਾਨਕ ਗਰਿੱਡ ਦੇ ਮਾਧਿਅਮ ਨਾਲ ਮਿਲੇਗੀ। ਇਸ ਸਾਲ ਪੰਚਾਇਤੀ ਰਾਜ ਦਿਵਸ ਸਮਾਰੋਹ ਅਤੇ ਪ੍ਰਦਰਸ਼ਨੀ ਲਈ ਸਾਂਬਾ ਜ਼ਿਲ੍ਹੇ ਦੀ ਪੱਲੀ ਪੰਚਾਇਤ ਨੂੰ ਚੁਣਿਆ ਗਿਆ ਹੈ। ਪ੍ਰਦਰਸ਼ਨੀ 'ਚ ਖੇਤੀਬਾੜੀ ਖੇਤਰ ਦੀਆਂ ਨਵੀਆਂ-ਨਵੀਆਂ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਕਿ ਕਿਸਾਨ ਉਨ੍ਹਾਂ ਦੇ ਮਾਧਿਅਮ ਨਾਲ ਆਪਣੀ ਆਮਦਨ ਸੁਧਾਰ ਸਕਣ। ਪੀ.ਐੱਮ. ਮੋਦੀ ਰਾਸ਼ਟਰੀ ਪੰਚਾਇਤ ਰਾਜ ਦਿਵਸ 'ਤੇ 24 ਅਪ੍ਰੈਲ ਨੂੰ ਇਕ ਸਭਾ ਨੂੰ ਸੰਬੋਧਨ ਕਰਨਗੇ, ਜਿਸ ਨਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਪੰਚਾਇਤੀ ਰਾਜ ਸੰਸਥਾਵਾਂ ਦੇ ਤਿੰਨ ਹਜ਼ਾਰ ਤੋਂ ਵਧ ਮੈਂਬਰ ਹਾਜ਼ਰ ਰਹਿਣਗੇ। ਇਸ ਤੋਂ ਇਲਾਵਾ ਦੇਸ਼ ਭਰ ਦੇ ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰ ਪ੍ਰਧਾਨ ਮੰਤਰੀ ਦੇ ਸੰਬੋਧਨ ਦੌਰਾਨ ਪ੍ਰੋਗਰਾਮ ਨਾਲ ਆਨਲਾਈਨ ਜੁੜਨਗੇ। ਪੱਲੀ ਪੰਚਾਇਤ 'ਚ ਲਗਾਈ ਜਾ ਰਹੀ ਪ੍ਰਦਰਸ਼ਨੀ 'ਚ ਸਿੱਧਾ ਲਾਭ ਟਰਾਂਸਫਰ (ਡੀ.ਬੀ.ਟੀ.), ਬਾਇਓਟੇਕ ਕਿਸਾਨ ਯੋਜਨਾ, ਖੇਤੀਬਾੜੀ 'ਚ ਡਰੋਨ ਦੀ ਵਰਤੋਂ, ਫੁੱਲਾਂ ਦੀ ਖੇਤੀ, ਬਾਂਸ ਦੀ ਆਧੁਨਿਕ ਵਰਤੋਂ, ਜਲ ਪ੍ਰਬੰਧ ਅਤੇ ਗ੍ਰਾਮੀਣ ਵਿਕਾਸ ਦੇ ਖੇਤਰ ਨਾਲ ਜੁੜੀਆਂ ਵੱਖ-ਵੱਖ ਤਕਨੀਕਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਪ੍ਰਦਰਸ਼ਨੀ ਦੇ ਆਯੋਜਨ 'ਚ ਜੰਮੂ ਕਸ਼ਮੀਰ ਪ੍ਰਸ਼ਾਸਨ ਤੋਂ ਇਲਾਵਾ ਕੇਂਦਰ ਸਰਕਾਰ ਦੇ ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ ਅਤੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ ਦੇ ਵੱਖ-ਵੱਖ ਵਿਭਾਗਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ।


author

DIsha

Content Editor

Related News