ਕਿਸਾਨ ਮੋਰਚਾ ਅੱਜ ਕਰੇਗਾ ਵੈਬਿਨਾਰ ਦਾ ਆਯੋਜਨ, ਹਰ ਸਵਾਲ ਦਾ ਦੇਵੇਗਾ ਜਵਾਬ
Thursday, Dec 24, 2020 - 09:55 AM (IST)
ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 29ਵੇਂ ਦਿਨ ਵੀ ਜਾਰੀ ਹੈ। ਕਿਸਾਨ ਏਕਤਾ ਮੋਰਚਾ ਵਲੋਂ 24 ਦਸੰਬਰ ਦੁਪਹਿਰ 12 ਵਜੇ ਆਪਣੇ ਡਿਜ਼ੀਟਲ ਪਲੇਟਫਾਰਮ 'ਤੇ ਇਕ ਵੈਬਿਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਿਸੇ ਵੀ ਵਿਅਕਤੀ ਨੂੰ ਖੇਤੀ ਕਾਨੂੰਨਾਂ, ਕਿਸਾਨ ਅੰਦੋਲਨ ਜਾਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਵੀ ਸਵਾਲ ਹੈ ਤਾਂ ਤੁਸੀਂ ਇਸ ਵੈਬਿਨਾਰ ਨੂੰ ਨਿਸ਼ਚਿਤ ਤੌਰ 'ਤੇ ਸ਼ਾਮਲ ਹੋ ਸਕਦੇ ਹੋ। ਇਸ ਵੀ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਕਿਸਾਨ ਏਕਤਾ ਮੋਰਚਾ ਦੇ ਇਕ ਆਗੂ ਨੇ ਕਿਹਾ ਕਿ ਬਹੁਤ ਸਾਰੇ ਲੋਕ ਕਿਸਾਨ ਅੰਦੋਲਨ ਨੂੰ ਲੈ ਕੇ ਗਲਤ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਖੁੱਲ੍ਹੇਆਮ ਸਾਡੇ ਤੋਂ ਸਵਾਲ ਪੁੱਛ ਸਕਦੇ ਹੋ, ਅਸੀਂ ਤੁਹਾਨੂੰ ਤੁਹਾਡੇ ਸਵਾਲਾਂ ਦਾ ਇਮਾਨਦਾਰੀ ਨਾਲ ਜਵਾਬ ਦੇਵਾਂਗੇ ਅਤੇ ਕਿਸੇ ਤਰ੍ਹਾਂ ਦਾ ਦੇਸ਼ਧਰੋਹੀ ਦਾ ਸਰਟੀਫਿਕੇਟ ਨਹੀਂ ਦੇਵਾਂਗੇ।
ਉੱਥੇ ਹੀ ਕਿਸਾਨਾਂ ਵਲੋਂ ਅੱਜ ਯਾਨੀ ਵੀਰਵਾਰ ਨੂੰ ਇਕ ਵਾਰ ਫਿਰ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਕਿਸਾਨ ਨੇਤਾ ਦੁਪਹਿਰ 12 ਵਜੇ ਪ੍ਰੈੱਸ ਕਾਨਫਰੰਸ ਵੀ ਕਰਨਗੇ, ਜਿਸ 'ਚ ਅੰਦੋਲਨ ਦਾ ਕਾਰਨ ਦੱਸਣਗੇ। ਦੱਸਣਯੋਗ ਹੈ ਕਿ ਬੀਤੇ ਦਿਨ ਸਿੰਘੂ ਬਾਰਡਰ 'ਤੇ 40 ਤੋਂ ਵੱਧ ਕਿਸਾਨ ਸੰਗਠਨਾਂ ਦੀ ਬੈਠਕ ਹੋਈ ਸੀ, ਜਿਸ 'ਚ ਸਰਕਾਰ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ ਸੀ। ਕਿਸਾਨਾਂ ਨੇ ਸਰਕਾਰ ਨੂੰ ਲਿਖ ਕੇ ਨਵਾਂ ਪ੍ਰਸਤਾਵ ਦੇਣ ਦੀ ਗੱਲ਼ ਕਹੀ ਹੈ, ਜਿਸ 'ਤੇ ਵਿਚਾਰ ਕੀਤਾ ਜਾਵੇਗਾ। ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਹਾਲੇ ਵੀ ਤਿੰਨ ਕਾਨੂੰਨਾਂ ਦੀ ਵਾਪਸੀ ਹੀ ਹੈ।
ਨੋਟ : ਕਿਸਾਨ ਮੋਰਚਾ ਕਰੇਗਾ ਵੈਬਿਨਾਰ ਦਾ ਆਯੋਜਨ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ