ਆਗਰਾ ''ਚ ਗਊ ਹੱਤਿਆ ਮਾਮਲੇ ''ਚ ਆਲ ਇੰਡੀਆ ਹਿੰਦੂ ਮਹਾਸਭਾ ਦੇ ਨੇਤਾ ਸਮੇਤ 3 ਸਾਥੀ ਗ੍ਰਿਫ਼ਤਾਰ

Thursday, Apr 13, 2023 - 11:28 AM (IST)

ਆਗਰਾ ''ਚ ਗਊ ਹੱਤਿਆ ਮਾਮਲੇ ''ਚ ਆਲ ਇੰਡੀਆ ਹਿੰਦੂ ਮਹਾਸਭਾ ਦੇ ਨੇਤਾ ਸਮੇਤ 3 ਸਾਥੀ ਗ੍ਰਿਫ਼ਤਾਰ

ਲਖਨਊ- ਉੱਤਰ ਪ੍ਰਦੇਸ਼ ਪੁਲਸ ਨੇ ਬੁੱਧਵਾਰ ਨੂੰ 30 ਮਾਰਚ ਨੂੰ ਰਾਮ ਨੌਮੀ ਦੀ ਸ਼ਾਮ ਨੂੰ ਗਊ ਹੱਤਿਆ ਦੇ ਝੂਠੇ ਦੋਸ਼ਾਂ ਤਹਿਤ 4 ਮੁਸਲਿਮ ਵਿਅਕਤੀਆਂ ਵਿਰੁੱਧ FIR ਦਰਜ ਕਰਵਾਉਣ ਲਈ ਆਲ ਇੰਡੀਆ ਹਿੰਦੂ ਮਹਾਸਭਾ ਦੇ ਕੌਮੀ ਬੁਲਾਰੇ ਸੰਜੇ ਸਿੰਘ ਸਮੇਤ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਹਫ਼ਤੇ ਪੁਲਸ ਨੇ ਇਮਰਾਨ ਕੁਰੈਸ਼ੀ ਉਰਫ਼ ਠਾਕੁਰ ਅਤੇ ਸ਼ਾਨੂ ਉਰਫ਼ ਇਲੀ ਦੋਹਾਂ ਮੁਸਲਮਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਚਾਰ ਮੁਸਲਿਮ ਵਿਅਕਤੀਆਂ ਨੂੰ ਫਸਾਉਣ ਵਿਚ ਸ਼ਾਮਲ ਸਨ।

ਓਧਰ ਆਗਰਾ ਦੇ ਸਹਾਇਕ ਪੁਲਸ ਕਮਿਸ਼ਨਰ ਆਰ. ਕੇ. ਸਿੰਘ ਨੇ ਕਿਹਾ ਕਿ 4 ਲੋਕਾਂ- ਸੰਜੇ ਸਿੰਘ ਉਰਫ਼ ਸੰਜੇ ਜਾਟ, ਜਤਿੰਦਰ ਕੁਸ਼ਵਾਹਾ, ਬ੍ਰਜੇਸ਼ ਭਦੌਰੀਆ ਅਤੇ ਸੌਰਭ ਸ਼ਰਮਾ ਨੂੰ ਉਨ੍ਹਾਂ ਖ਼ਿਲਾਫ਼ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਹੁਣ ਬਾਕੀ 3 ਮੁਲਜ਼ਮਾਂ ਦੀ ਭਾਲ ਕਰ ਰਹੀ ਹੈ, ਜੋ ਸਾਰੇ ਮੁਸਲਿਮ ਹਨ। ਜਾਂਚਕਰਤਾਵਾਂ ਮੁਤਾਬਕ 5 ਮੁਲਜ਼ਮ ਮੁਸਲਮਾਨਾਂ ਦੀ ਗਊ ਹੱਤਿਆ ਦੀ ਝੂਠੀ FIR 'ਚ ਨਾਮਜ਼ਦ 4 ਲੋਕਾਂ ਨਾਲ ਦੁਸ਼ਮਣੀ ਸੀ। 

ਕੀ ਹੈ ਪੂਰਾ ਮਾਮਲਾ

ਦਰਅਸਲ 30 ਮਾਰਚ ਨੂੰ ਰਾਮ ਨੌਮੀ ਦੀ ਸ਼ਾਮ ਨੂੰ ਹਿੰਦੂ ਮਹਾਸਭਾ ਦੇ ਨੇਤਾ ਜਤਿੰਦਰ ਕੁਮਾਰ ਨੇ ਇਕ ਸ਼ਿਕਾਇਤ ਦਰਜ ਕਰਵਾਈ ਸੀ, ਜਿਸ  ਵਿਚ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਆਗਰਾ ਨਗਰ ਨਿਗਮ ਦੇ ਕਾਮੇ ਨਕੀਮ ਅਤੇ ਉਨ੍ਹਾਂ ਦੇ ਭਰਾਵਾਂ ਵਿੱਜੂ ਸਮੇਤ ਰਿਜ਼ਵਾਨ ਉਰਫ਼ ਕਾਲਟਾ ਅਤੇ 3 ਹੋਰ ਛੋਟੂ ਅਤੇ ਸ਼ਾਨੂੰ ਗੌਤਮ ਨਗਰ ਇਕ ਝਾੜੀ ਵਿਚ ਗਾਂ ਵੱਢ ਰਹੇ ਸਨ ਅਤੇ ਮਾਸ ਵੇਚਣ ਦੀ ਯੋਜਨਾ ਬਣਾ ਰਹੇ ਸਨ। ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਮੌਕੇ 'ਤੇ ਪਹੁੰਚਿਆ ਪਰ ਉਦੋਂ ਤੱਕ ਮੁਲਜ਼ਮ ਦੌੜ ਚੁੱਕਾ ਸੀ।

ਕੁਮਾਰ ਦੀ ਸ਼ਿਕਾਇਤ 'ਤੇ ਰਿਜ਼ਵਾਨ ਅਤੇ 3 ਹੋਰਨਾਂ ਖ਼ਿਲਾਫ਼ ਏਤਮਾਦੁਲਾਹ ਪੁਲਸ ਸਟੇਸ਼ਨ 'ਚ ਯੂ. ਪੀ. ਗਊ ਹੱਤਿਆ ਰੋਕੂ ਐਕਟ ਤਹਿਤ FIR ਦਰਜ ਕੀਤੀ ਗਈ ਸੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਗਾਂ ਮਾਸ ਮਿਲਿਆ। ਪੁਲਸ ਮੁਤਾਬਕ FIR 'ਚ ਨਾਮਜ਼ਦ 4 ਵਿਅਕਤੀ ਮੌਕੇ 'ਤੇ ਮੌਜੂਦ ਨਹੀਂ ਸਨ। ਪੁਲਸ ਨੇ ਕਿਹਾ ਕਿ ਉਹ ਖੁਫੀਆ ਜਾਣਕਾਰੀ, ਨਿਗਰਾਨੀ, ਸੀ. ਸੀ. ਟੀ. ਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਇਸ ਨਤੀਜੇ 'ਤੇ ਪਹੁੰਚੇ ਹਨ। ਪੁਲਸ ਨੇ 6 ਅਪ੍ਰੈਲ ਨੂੰ ਕੁਰੈਸ਼ੀ ਅਤੇ ਇਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਆਗਰਾ ਦੇ ਰਹਿਣ ਵਾਲੇ ਸਨ। ਪੁੱਛਗਿੱਛ ਦੌਰਾਨ ਪੁਲਸ ਨੇ ਦਾਅਵਾ ਕੀਤਾ ਕਿ  ਕੁਰੈਸ਼ੀ ਅਤੇ ਇਲੀ ਨੇ 4 ਮੁਸਲਿਮ ਵਿਅਕਤੀਆਂ ਨੂੰ ਫਸਾਉਣ ਦੀ ਸਾਜ਼ਿਸ਼ ਨੂੰ ਸਵੀਕਾਰ ਕੀਤਾ ਕਿਉਂਕਿ ਨਕੀਮ ਨੇ ਪਿਛਲੇ ਦਿਨੀਂ ਪੁਲਸ ਨੂੰ ਉਨ੍ਹਾਂ ਬਾਰੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।


author

Tanu

Content Editor

Related News