ਲੋਕ ਸਭਾ ਦੇ ਸਪੀਕਰ ਲਈ ਨਹੀਂ ਬਣੀ ਸਹਿਮਤੀ, 72 ਸਾਲਾਂ ’ਚ ਤੀਜੀ ਵਾਰ ਵੋਟਿੰਗ ਨਾਲ ਹੋਵੇਗਾ ਫੈਸਲਾ

Wednesday, Jun 26, 2024 - 01:00 AM (IST)

ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ ਦੇ ਸਪੀਕਰ ਨੂੰ ਲੈ ਕੇ ਆਮ ਸਹਿਮਤੀ ਬਣਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਮੰਗਲਵਾਰ ਰਾਤ ਤਕ ਬੇਕਾਰ ਹੋ ਗਈਆਂ।

ਵਿਰੋਧੀ ਧਿਰ ਨੇ ਨਾਮਜ਼ਦਗੀ ਦੀ ਸਮਾਂ ਹੱਦ ਤੋਂ ਠੀਕ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਕੋਡਿਕੂਨਿਲ ਸੁਰੇਸ਼ ਨੂੰ ਆਈ. ਐੱਨ. ਡੀ. ਆਈ. ਏ. ਦਾ ਉਮੀਦਵਾਰ ਐਲਾਨ ਦਿੱਤਾ। ਉਸ ਪਿੱਛੋਂ ਸੁਰੇਸ਼ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ।

ਇਸ ਤੋਂ ਪਹਿਲਾਂ ਐੱਨ. ਡੀ. ਏ. ਵਲੋਂ ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 25 ਜੂਨ ਨੂੰ ਦੁਪਹਿਰ 12 ਵਜੇ ਸੀ।

72 ਸਾਲਾਂ 'ਚ ਤੀਜੀ ਵਾਰ ਸਪੀਕਰ ਦੀ ਚੋਣ ਵੋਟਿੰਗ ਰਾਹੀਂ ਹੋਵੇਗੀ। ਇਸ ਤੋਂ ਪਹਿਲਾਂ ਐੱਨ. ਡੀ. ਏ. ਨੇ ਸਪੀਕਰ ਦੀ ਚੋਣ ਲਈ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਭਾਜਪਾ ਦੇ ਸੀਨੀਅਰ ਆਗੂਆਂ ਨੇ ‘ਇੰਡੀਆ’ ਗੱਠਜੋੜ ਦੇ ਆਗੂਆਂ ਨਾਲ ਗੱਲਬਾਤ ਕੀਤੀ ਸੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵੱਖ-ਵੱਖ ਨੇਤਾਵਾਂ ਨਾਲ ਮੁਲਾਕਾਤ ਕੀਤੀ । ਫ਼ੋਨ ’ਤੇ ਵੀ ਗੱਲਬਾਤ ਹੋਈ ਪਰ ਸਹਿਮਤੀ ਨਹੀਂ ਬਣ ਸਕੀ। ਹੁਣ ਬੁੱਧਵਾਰ ਸਵੇਰੇ 11 ਵਜੇ ਵੋਟਿੰਗ ਹੋਵੇਗੀ। ਉਸ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ।

ਕੌਣ ਹਨ 8 ਵਾਰ ਦੇ ਸੰਸਦ ਮੈਂਬਰ ਕੇ. ਸੁਰੇਸ਼?

ਕੇ. ਸੁਰੇਸ਼ 1989 ’ਚ ਕੇਰਲ ਦੀ ਅਦੂਰ ਲੋਕ ਸਭਾ ਸੀਟ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ। ਇਸ ਤੋਂ ਬਾਅਦ ਉਹ 1991, 1996 ਤੇ 1999 ਦੀਆਂ ਆਮ ਚੋਣਾਂ ’ਚ ਲਗਾਤਾਰ 4 ਵਾਰ ਅਦੂਰ ਲੋਕ ਸਭਾ ਸੀਟ ਤੋਂ ਚੋਣ ਜਿੱਤੇ।

ਇਸ ਤੋਂ ਬਾਅਦ ਉਹ ਕਿਸੇ ਹੋਰ ਸੀਟ ਤੋਂ ਤਿੰਨ ਵਾਰ ਲੋਕ ਸਭਾ ਦੀ ਚੋਣ ਜਿੱਤੇ। 2024 ਦੀਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਕੇਰਲ ਦੀ ਮਾਵੇਲੀਕਾਰਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਉਹ ਲਗਾਤਾਰ ਅੱਠ ਵਾਰ ਚੋਣ ਜਿੱਤ ਕੇ ਲੋਕ ਸਭਾ ’ਚ ਪਹੁੰਚਣ ਵਾਲੇ ਇਕਲੌਤੇ ਨੇਤਾ ਹਨ।

ਸੀ. ਸੁਰੇਸ਼ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਵੀ ਹਨ। ਉਹ 17ਵੀਂ ਲੋਕ ਸਭਾ ’ਚ ਕਾਂਗਰਸ ਪਾਰਲੀਮਾਨੀ ਪਾਰਟੀ ਦੇ ਚੀਫ਼ ਵ੍ਹਿਪ ਵੀ ਸਨ।

ਕੋਈ ਸਹਿਮਤੀ ਕਿਉਂ ਨਹੀਂ ਬਣੀ?

ਰਾਜਨਾਥ ਸਿੰਘ ਨਾਲ ਆਪਣੀ ਮੁਲਾਕਾਤ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਕਿਹਾ ਕਿ ਭਾਜਪਾ ਨੇ ਕਿਹਾ ਸੀ ਕਿ ਅਸੀਂ ਵਿਰੋਧੀ ਧਿਰ ਨੂੰ ਡਿਪਟੀ ਸਪੀਕਰ ਬਾਰੇ ਦਸਾਂਗੇ ਪਰ ਅਜੇ ਤੱਕ ਨਹੀਂ ਦੱਸਿਆ।

ਅਸਲ ’ਚ ਵਿਰੋਧੀ ਧਿਰ ਡਿਪਟੀ ਸਪੀਕਰ ਦਾ ਅਹੁਦਾ ਚਾਹੁੰਦੀ ਸੀ ਪਰ ਐੱਨ. ਡੀ. ਏ. ਨੇ ਉਸ ਦੀ ਮੰਗ ਨਹੀਂ ਮੰਨੀ ਜਿਸ ਕਾਰਨ ਵੋਟਿੰਗ ਦੀ ਨੌਬਤ ਆਈ ਹੈ।

ਲੋਕ ਸਭਾ ’ਚ ਇਸ ਸਮੇ ਕੀ ਹੈ ਨੰਬਰਾਂ ਦੀ ਖੇਡ?

ਜੇ ਨੰਬਰਾਂ ਦੀ ਖੇਡ ਦੇ ਹਿਸਾਬ ਨਾਲ ਵੇਖਿਆ ਜਾਏ ਤਾਂ ਐੱਨ. ਡੀ. ਏ. ਕੋਲ ਬਹੁਮਤ ਹੈ। 543 ਮੈਂਬਰੀ ਲੋਕ ਸਭਾ ’ਚ ਐੱਨ. ਡੀ. ਏ. ਦੇ 293 ਮੈਂਬਰ ਹਨ, ਜਦਕਿ ਵਿਰੋਧੀ ਧਿਰ ‘ਇੰਡੀਆ’ ਕੋਲ 233 ਮੈਂਬਰ ਹਨ। 16 ਸੰਸਦ ਮੈਂਬਰ ਉਹ ਹਨ ਜੋ ਨਾ ਤਾਂ ਐੱਨ. ਡੀ. ਏ. ਨਾਲ ਹਨ ਤੇ ਨਾ ਹੀ ‘ਇੰਡੀਆ’ ਨਾਲ।

1952 ’ਚ ਪਹਿਲੀ ਵਾਰ ਵੋਟਿੰਗ ਕਰ ਕੇ ਫੈਸਲਾ ਲਿਆ ਗਿਆ

ਇਸ ਤੋਂ ਪਹਿਲਾਂ 1952 ਤੇ 1976 ’ਚ ਵੀ ਸਪੀਕਰ ਲਈ ਵੋਟਾਂ ਪਈਆਂ ਸਨ। ਆਜ਼ਾਦ ਭਾਰਤ ’ਚ ਪਹਿਲੀ ਵਾਰ 1952 ’ਚ ਜੀ. ਵੀ. ਮਾਵਲੰਕਰ ਅਤੇ ਸ਼ੰਕਰ ਸ਼ਾਂਤਾਰਾਮ ਵਿਚਾਲੇ ਚੋਣ ਮੁਕਾਬਲਾ ਸੀ।

ਉਸ ਤੋਂ ਬਾਅਦ 1976 ’ਚ ਐਮਰਜੈਂਸੀ ਦੌਰਾਨ ਸਪੀਕਰ ਲਈ ਵੋਟਿੰਗ ਹੋਈ ਸੀ। ਉਸ ਸਮੇਂ ਬਲੀਰਾਮ ਭਗਤ ਤੇ ਜਗਨਨਾਥ ਰਾਓ ਦਰਮਿਆਨ ਮੁਕਾਬਲਾ ਸੀ। ਹੁਣ 2024 ’ਚ ਤੀਜੀ ਵਾਰ ਵੋਟਿੰਗ ਨਾਲ ਚੋਣ ਹੋਵੇਗੀ।
 


Rakesh

Content Editor

Related News