ਸ਼੍ਰੀਨਗਰ: ਪਹਿਲਾਂ ਸਰਪੰਚ ਫਿਰ CRPF ਜਵਾਨ ਅਤੇ ਹੁਣ ਵਕੀਲ ਦੀ ਗੋਲੀ ਮਾਰ ਕੇ ਹੱਤਿਆ

09/24/2020 7:59:09 PM

ਜੰਮੂ - ਕਸ਼ਮੀਰ ਦੇ ਸ਼੍ਰੀਨਗਰ 'ਚ ਵੀਰਵਾਰ ਸ਼ਾਮ ਹਮਲਾਵਰਾਂ ਨੇ ਵਕੀਲ ਬਾਬਰ ਕਾਦਰੀ 'ਤੇ ਜਾਨਲੇਵਾ ਹਮਲਾ ਕੀਤਾ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ। ਹਮਲੇ ਦੇ ਤੁਰੰਤ ਬਾਅਦ ਬਾਬਰ ਕਾਦਰੀ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਬਾਬਰ ਕਾਦਰੀ ਜੰਮੂ-ਕਸ਼ਮੀਰ ਹੀ ਨਹੀਂ ਦੇਸ਼ ਭਰ 'ਚ ਜਾਣਿਆ ਪਛਾਣਿਆ ਨਾਮ ਸੀ। ਉਨ੍ਹਾਂ ਨੂੰ ਟੀ.ਵੀ. ਡਿਬੇਟ 'ਚ ਅਕਸਰ ਦੇਖਿਆ ਜਾਂਦਾ ਸੀ। ਗੋਲੀ ਲੱਗਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ 'ਚ ਉਨ੍ਹਾਂ ਨੇ ਦਮ ਤੋੜ ਦਿੱਤਾ। ਬਾਬਰ ਕਾਦਰੀ ਨੇ ਆਪਣੇ ਇੱਕ ਆਖ਼ਰੀ ਟਵੀਟ 'ਚ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ।

ਆਪਣੇ ਆਖ਼ਰੀ ਟਵੀਟ 'ਚ ਬਾਬਰ ਕਾਦਰੀ ਨੇ ਲਿਖਿਆ, ਮੈਂ ਪ੍ਰਦੇਸ਼ ਦੀ ਪੁਲਸ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਸ਼ਾਹ ਨਜ਼ੀਰ ਖਿਲਾਫ ਐੱਫ.ਆਈ.ਆਰ. ਦਰਜ ਕਰਨ ਜੋ ਮੇਰੇ ਖ਼ਿਲਾਫ਼ ਅਫਵਾਹ ਫੈਲਾਉਂਦਾ ਹੈ ਕਿ ਮੈਂ ਏਜੰਸੀਆਂ ਲਈ ਮੁਹਿੰਮ ਚਲਾਉਂਦਾ ਹਾਂ। ਇਹ ਝੂਠਾ ਬਿਆਨ ਮੇਰੀ ਜ਼ਿੰਦਗੀ 'ਤੇ ਖ਼ਤਰਾ ਪੈਦਾ ਕਰ ਸਕਦਾ ਹੈ। ਕਾਦਰੀ ਦਾ ਟਵਿੱਟਰ ਅਕਾਉਂਟ ਬਾਬਰ ਕਾਦਰੀ ਟਰੂਥ ਦੇ ਨਾਮ ਤੋਂ ਚੱਲਦਾ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਬਡਗਾਮ 'ਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਸਰਪੰਚ ਦੀ ਹੱਤਿਆ ਕਰ ਦਿੱਤੀ ਗਈ। ਦਲਵਾਸ਼ ਪਿੰਡ 'ਚ ਬਲਾਕ ਵਿਕਾਸ ਸੇਵਾਦਾਰ (ਬੀ.ਡੀ.ਸੀ.) ਪ੍ਰਧਾਨ ਅਤੇ ਬੀਜੇਪੀ ਦੇ ਸਰਪੰਚ ਭੂਪਿੰਦਰ ਸਿੰਘ ਨੂੰ ਉਨ੍ਹਾਂ ਦੇ ਘਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੇ ਕੁੱਝ ਘੰਟੇ ਬਾਅਦ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ। ਵੀਰਵਾਰ ਸਵੇਰੇ ਅੱਤਵਾਦੀਆਂ ਨੇ ਬਾਂਦੀਪੋਰਾ 'ਚ ਤਾਇਨਾਤ ਸੀ.ਆਰ.ਪੀ.ਐੱਫ. ਦੇ ਜਵਾਨ 'ਤੇ ਗੋਲੀਬਾਰੀ ਕੀਤੀ ਅਤੇ ਹਥਿਆਰ ਲੈ ਕੇ ਫ਼ਰਾਰ ਹੋ ਗਏ। ਜ਼ਖ਼ਮੀ ਜਵਾਨ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਬਾਅਦ 'ਚ ਉਸ ਦੀ ਮੌਤ ਹੋ ਗਈ। ਸਰਪੰਚ ਦੀ ਹੱਤਿਆ ਦੀ ਜ਼ਿੰਮੇਦਾਰੀ ਅੱਤਵਾਦੀ ਸੰਗਠਨ ਟੀ.ਆਰ.ਐੱਫ. ਨੇ ਲਈ ਹੈ।


Inder Prajapati

Content Editor

Related News