ਮੁਰਮੂ ਨੂੰ ਲੈ ਕੇ ਦੁਚਿੱਤੀ ’ਚ ਹਨ ਕਾਂਗਰਸ ਦੇ ਆਦਿਵਾਸੀ ਵਿਧਾਇਕ
Saturday, Jul 09, 2022 - 10:55 AM (IST)
ਨਵੀਂ ਦਿੱਲੀ– ਝਾਰਖੰਡ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਹੋਰਨਾਂ ਥਾਵਾਂ ’ਤੇ ਕਾਂਗਰਸ ਪਾਰਟੀ ਦੇ ਆਦਿਵਾਸੀ ਵਿਧਾਇਕ ਮੁਰਮੂ ਨੂੰ ਲੈ ਕੇ ਦੁਚਿੱਤੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿਚੋਂ ਕੁਝ ਵਿਧਾਇਕ ਰਾਜਗ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵੋਟ ਦੇਣ ਲਈ ਹਾਈਕਮਾਨ ’ਤੇ ਦਬਾਅ ਬਣਾ ਰਹੇ ਹਨ। ਹਾਲਾਂਕਿ ਰਾਸ਼ਟਰਪਤੀ ਚੋਣਾਂ ਵਿਚ ਕੋਈ ਵੀ ਪਾਰਟੀ ਵ੍ਹਿਪ ਜਾਰੀ ਨਹੀਂ ਕਰ ਸਕਦੀ ਹੈ ਅਤੇ ਪੋਲਿੰਗ ਗੁਪਤ ਹੈ ਪਰ ਇਹ ਆਦਿਵਾਸੀ ਵਿਧਾਇਕ ਬਾਅਦ ਵਿਚ ਕਿਸੇ ਵੀ ਅਨੁਸ਼ਾਸਨਾਤਮਕ ਕਾਰਵਾਈ ਤੋਂ ਬਚਣ ਲਈ ਪਾਰਟੀ ਤੋਂ ਗੈਰ-ਰਸਮੀ ਮਨਜ਼ੂਰੀ ਚਾਹੁੰਦੇ ਹਨ। ਏ. ਆਈ. ਸੀ. ਸੀ. ਦੀ ਆਦਿਵਾਸੀ ਕਾਂਗਰਸ ਲੰਬੇ ਸਮੇਂ ਤੋਂ ਲੀਡਰਸ਼ਿਪ ਤੋਂ ਵਾਂਝੀ ਹੈ ਅਤੇ ਮੌਜੂਦਾ ਵਿਚ ਇਸ ਨੂੰ ਅਟੁਵਾ ਮੁੰਡਾ ਵਲੋਂ ਤਾਲਮੇਲ ਕੀਤਾ ਜਾ ਰਿਹਾ ਹੈ। ਜਦੋਂ ਉਨ੍ਹਾਂ ਕੋਲੋਂ ਆਦਿਵਾਸੀ ਵਿਧਾਇਕਾਂ ਬਾਰੇ ਪੁੱਛਿਆ ਗਿਆ ਤਾਂ ਉਹ ਮੁਸ਼ਕਲ ਸਥਿਤੀ ਵਿਚ ਸਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਝਾਰਖੰਡ ਦਾ ਦੌਰਾ ਕੀਤਾ ਅਤੇ ਵਿਧਾਇਕਾਂ ਨੂੰ ਪਾਰਟੀ ਦੇ ਫੈਸਲੇ ’ਤੇ ਚੱਲਣ ਅਤੇ ਯਸ਼ਵੰਤ ਸਿਨਹਾ ਦੀ ਹਮਾਇਤ ਕਰਨ ਲਈ ਪ੍ਰੇਰਿਤ ਕੀਤਾ ਪਰ ਝਾਰਖੰਡ ਵਿਚ ਕਾਂਗਰਸ ਦੇ 16 ਵਿਧਾਇਕਾਂ ਵਿਚੋਂ ਵਧੇਰਿਆਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਮੁਰਮੂ ਨੂੰ ਵੋਟ ਦੇਣਾ ਚਾਹੁੰਦੇ ਹਨ। ਝਾਮੁਮੋ ਦੇ ਮੁਰਮੂ ਦੀ ਹਮਾਇਤ ਦਾ ਐਲਾਨ ਕਰਨ ਦੀ ਸੰਭਾਵਨਾ ਹੈ। ਮੁੰਡਾ ਨੇ ਕਿਹਾ ਕਿ ਤੁਸੀਂ ਦੇਖੋ, ਉਨ੍ਹਾਂ ਵਿਚੋਂ ਕੁਝ ਨੇ ਇਕ ਵਿਚਾਰ ਪ੍ਰਗਟ ਕੀਤਾ ਪਰ ਇਹ ਉਨ੍ਹਾਂ ਦਾ ਨਜ਼ਰੀਆ ਹੈ। ਮੈਨੂੰ ਯਕੀਨ ਹੈ ਕਿ ਉਹ ਪਾਰਟੀ ਦੇ ਫੈਸਲੇ ਨੂੰ ਮੰਨਣਗੇ।
ਪਾਰਟੀ ਨੂੰ ਛੱਤੀਸਗੜ੍ਹ ਦੇ ਆਦਿਵਾਸੀ ਸੂਬੇ ਵਿਚ ਸਮੱਸਿਆ ਹੈ ਜਿਥੇ ਮੁੱਖ ਮੰਤਰੀ ਭੂਪੇਸ਼ ਬਘੇਲ ਰਾਜਸਥਾਨ ਵਿਚ ਆਪਣੇ ਹਮਅਹੁਦਾ ਵਾਂਗ ਸਿਨਹਾ ਦੇ ਨਾਮਜ਼ਦਗੀ ਕਾਗਜ਼ ’ਤੇ ਹਸਤਾਖਰ ਕਰਨ ਲਈ ਦਿੱਲੀ ਨਹੀਂ ਆਏ ਸਨ। ਛੱਤੀਸਗੜ੍ਹ ਵਿਚ ਪਾਰਟੀ ਦੇ 40 ਤੋਂ ਵਧ ਆਦਿਵਾਸੀ ਵਿਧਾਇਕ ਹਨ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਪਹਿਲੀ ਆਦਿਵਾਸੀ ਰਾਸ਼ਟਰਪਤੀ ਦਾ ਵਿਰੋਧ ਕਰਦੇ ਨਹੀਂ ਦਿਖਣਾ ਚਾਹੁੰਦੇ ਹਨ। ਮੱਧ ਪ੍ਰਦੇਸ਼ ਵਿਚ ਕਾਂਗਰਸ ਵੀ ਅਜਿਹੇ ਹੀ ਹਾਲਾਤ ਦਾ ਸਾਹਮਣਾ ਕਰ ਰਹੀ ਹੈ। 230 ਮੈਂਬਰੀ ਵਿਧਾਨ ਸਭਾ ਵਿਚੋਂ 47 ਆਦਿਵਾਸੀ ਸੀਟਾਂ ਵਿਚੋਂ ਕਾਂਗਰਸ ਨੇ 2018 ਵਿਚ 31 ਸੀਟਾਂ ਜਿੱਤੀਆਂ, ਜਦਕਿ ਭਾਜਪਾ ਆਦਿਵਾਸੀ ਬੈਲਟ ਵਿਚ 18 ਸੀਟਾਂ ’ਤੇ ਸਿਮਟ ਗਈ। ਉਹ ਵੀ ਅਸਮੰਜਸ ਵਿਚ ਹਨ।