ਨੋਇਡਾ ਹਾਦਸੇ ਮਗਰੋਂ ਪ੍ਰਸ਼ਾਸਨ ਸਖ਼ਤ: ਲਾਪਰਵਾਹ ਬਿਲਡਰਾਂ ਤੇ ਅਧਿਕਾਰੀਆਂ ''ਤੇ ਸ਼ਿਕੰਜਾ, CEO ਦੀ ਹੋਈ ਛੁੱਟੀ
Monday, Jan 19, 2026 - 08:07 PM (IST)
ਨੋਇਡਾ- ਨੋਇਡਾ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਸੌਫਟਵੇਅਰ ਇੰਜੀਨੀਅਰ ਯੁਵਰਾਜ ਮਹਿਤਾ ਦੀ ਮੌਤ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਬਹੁਤ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਨੋਇਡਾ ਅਥਾਰਟੀ ਦੇ ਸੀ.ਈ.ਓ. ਐੱਮ. ਲੋਕੇਸ਼ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਬਿਲਡਰਾਂ ਦੀ ਲਾਪਰਵਾਹੀ ਅਤੇ ਰੈਸਕਿਊ ਆਪਰੇਸ਼ਨ ਵਿੱਚ ਹੋਈ ਦੇਰੀ ਦੇ ਦੋਸ਼ਾਂ ਦੇ ਚਲਦਿਆਂ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ, ਗੁਰੂਗ੍ਰਾਮ ਵਿੱਚ ਕੰਮ ਕਰਨ ਵਾਲਾ ਸੌਫਟਵੇਅਰ ਇੰਜੀਨੀਅਰ ਯੁਵਰਾਜ ਮਹਿਤਾ ਸ਼ੁੱਕਰਵਾਰ ਰਾਤ ਨੂੰ ਕੰਮ ਤੋਂ ਘਰ ਪਰਤ ਰਿਹਾ ਸੀ। ਜਦੋਂ ਉਹ ਨੋਇਡਾ ਦੇ ਸੈਕਟਰ 150 ਕੋਲ ਪਹੁੰਚਿਆ ਤਾਂ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਇੱਕ ਨਿਰਮਾਣ ਅਧੀਨ ਇਮਾਰਤ ਦੇ ਬੇਸਮੈਂਟ ਲਈ ਖੋਦੇ ਗਏ ਪਾਣੀ ਨਾਲ ਭਰੇ ਡੂੰਘੇ ਟੋਏ ਵਿੱਚ ਜਾ ਡਿੱਗੀ। ਹੈਰਾਨੀ ਦੀ ਗੱਲ ਇਹ ਸੀ ਕਿ ਇੰਨੇ ਵੱਡੇ ਟੋਏ ਦੇ ਆਲੇ-ਦੁਆਲੇ ਕੋਈ ਬੈਰੀਕੇਡ ਜਾਂ ਰਿਫਲੈਕਟਰ ਨਹੀਂ ਲਗਾਇਆ ਗਿਆ ਸੀ।
ਘਟਨਾ ਦੀ ਸੂਚਨਾ ਰਾਤ ਕਰੀਬ 12:15 ਵਜੇ ਮਿਲੀ ਸੀ ਪਰ ਯੁਵਰਾਜ ਦੀ ਮ੍ਰਿਤਕ ਦੇਹ ਸ਼ਨੀਵਾਰ ਸਵੇਰੇ ਹੀ ਕੱਢੀ ਜਾ ਸਕੀ। ਰੈਸਕਿਊ ਆਪਰੇਸ਼ਨ ਵਿੱਚ ਫਾਇਰ ਬ੍ਰਿਗੇਡ, ਪੁਲਸ, SDRF ਅਤੇ NDRF ਦੀਆਂ ਟੀਮਾਂ ਸ਼ਾਮਲ ਸਨ। ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਜੀਨੀਅਰ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਇੱਕ ਚਸ਼ਮਦੀਦ ਡਿਲੀਵਰੀ ਏਜੰਟ ਨੇ ਦੋਸ਼ ਲਾਇਆ ਕਿ ਜੇਕਰ ਬਚਾਅ ਟੀਮਾਂ ਸਮੇਂ ਸਿਰ ਹਿੰਮਤ ਦਿਖਾਉਂਦੀਆਂ ਤਾਂ ਯੁਵਰਾਜ ਦੀ ਜਾਨ ਬਚਾਈ ਜਾ ਸਕਦੀ ਸੀ ਪਰ ਠੰਢ ਅਤੇ ਪਾਣੀ ਵਿੱਚ ਨਿਕਲੀਆਂ ਲੋਹੇ ਦੀਆਂ ਛੜਾਂ ਕਾਰਨ ਬਚਾਅ ਕਰਮੀ ਅੰਦਰ ਉਤਰਨ ਤੋਂ ਝਿਜਕਦੇ ਰਹੇ।
ਬਿਲਡਰ ਕੰਪਨੀਆਂ ਵਿਰੁੱਧ ਮਾਮਲਾ ਦਰਜ
ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਐੱਮ.ਜੇ. ਵਿਸ਼ਟਾਊਨ ਪਲਾਨਰ ਲਿਮਟਿਡ ਅਤੇ ਲੋਟਸ ਗ੍ਰੀਨ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਿਡ ਵਿਰੁੱਧ ਨੋਲੇਜ ਪਾਰਕ ਥਾਣੇ ਵਿੱਚ FIR ਦਰਜ ਕਰ ਲਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਇਹ ਇਲਾਕਾ ਹਾਦਸਾਗ੍ਰਸਤ ਸੀ ਅਤੇ ਨਿਵਾਸੀਆਂ ਨੇ ਕਈ ਵਾਰ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਸੀ ਪਰ ਡਿਵੈਲਪਰਾਂ ਨੇ ਕੋਈ ਧਿਆਨ ਨਹੀਂ ਦਿੱਤਾ।
ਇਸ ਹਾਦਸੇ ਨੇ ਨੋਇਡਾ ਅਥਾਰਟੀ ਅਤੇ ਬਿਲਡਰਾਂ ਦੇ ਗਠਜੋੜ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਲੋਕਾਂ ਵਿੱਚ ਭਾਰੀ ਰੋਸ ਹੈ ਕਿ ਅਧਿਕਾਰੀ ਸਿਰਫ਼ ਹਾਦਸੇ ਤੋਂ ਬਾਅਦ ਹੀ ਜਾਗਦੇ ਹਨ। ਫਿਲਹਾਲ ਸੀ.ਈ.ਓ. ਨੂੰ ਹਟਾ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
