‘ਆਪ’ ਨੇ ਜੰਮੂ-ਕਸ਼ਮੀਰ ’ਚ ਜਲਦੀ ਵਿਧਾਨ ਸਭਾ ਚੋਣਾਂ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ
Saturday, Dec 10, 2022 - 04:21 PM (IST)
ਜੰਮੂ- ਜੰਮੂ-ਕਸ਼ਮੀਰ ਵਿਚ ਜਲਦੀ ਵਿਧਾਨ ਸਭਾ ਚੋਣਾਂ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਕਾਰਕੁਨਾਂ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਪ੍ਰਦਰਸ਼ਨ ਕੀਤਾ। ਸਾਬਕਾ ਮੰਤਰੀ ਹਰਸ਼ ਦੇਵ ਸਿੰਘ ਦੀ ਅਗਵਾਈ 'ਚ ਆਪ ਦੇ ਕਾਰਕੁਨਾਂ ਨੇ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਜਲਦੀ ਕਰਵਾਉਣ ਦੀ ਮੰਗ ਨੂੰ ਲੈ ਕੇ ਇੱਥੇ ਚੋਣ ਭਵਨ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ ਅਤੇ ਚੋਣ ਕਮਿਸ਼ਨ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ, ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਉਹ ਭਾਜਪਾ ਦੀ ਸਰਪ੍ਰਸਤੀ ਹੇਠ ਕੰਮ ਕਰ ਰਿਹਾ ਹੈ। ਮੰਤਰੀ ਹਰਸ਼ ਦੇਵ ਨੇ ਕਿਹਾ ਕਿ ਚੋਣ ਕਮਿਸ਼ਨ ਹੋਰ ਸੂਬਿਆਂ ’ਚ ਚੋਣਾਂ ਕਰਵਾ ਰਿਹਾ ਹੈ ਪਰ ਜੰਮੂ-ਕਸ਼ਮੀਰ ’ਚ ਚੋਣਾਂ ’ਤੇ ਚੁੱਪ ਹੈ। ਕਿਸੇ ਨਾ ਕਿਸੇ ਬਹਾਨੇ ਤੋਂ ਚੋਣਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਸਿੰਘ ਨੇ ਕਿਹਾ ਕਿ ਭਾਜਪਾ ਦਾ ਮੰਨਣਾ ਸੀ ਕਿ ਜੇਕਰ ਉਹ ਸੱਤਾ ਦੀ ਵਾਗਡੋਰ ਸੰਭਾਲ ਸਕਦੀ ਹੈ ਅਤੇ ਬਿਨਾਂ ਚੋਣਾਂ ਕਰਵਾਏ ਸੂਬੇ ਦੇ ਮਸਲਿਆਂ ਨੂੰ ਚਲਾ ਸਕਦੀ ਹੈ ਤਾਂ ਉਸ ਨੂੰ ਜਨਾਦੇਸ਼ ਮੰਗਣ ਦਾ ਜ਼ੋਖਮ ਕਿਉਂ ਉਠਾਉਣਾ ਚਾਹੀਦਾ? ਸਿੰਘ ਨੇ ਦਾਅਵਾ ਕੀਤਾ ਕਿ ਸੂਬੇ ’ਚ ਲੋਕਤੰਤਰ ਦੀ ਬਹਾਲੀ ਦੀ ਕੋਈ ਉਮੀਦ ਨਹੀਂ ਹੈ। ਭਾਜਪਾ ਸ਼ਾਸਨ ਤਹਿਤ ਸੂਬੇ ਨੂੰ ਡਾਊਨਗ੍ਰੇਡ ਕੀਤਾ ਗਿਆ ਹੈ। ਜੰਮੂ-ਕਸ਼ਮੀਰ ’ਚ ਜਲਦੀ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਹੈ।