''ਆਪ'' ਨੇ ਵੀ ਸੁਣੀ ਪ੍ਰਵਾਸੀਆਂ ਦੀ ਪੁਕਾਰ, ਸੰਜੇ ਸਿੰਘ 33 ਮਜ਼ਦੂਰਾਂ ਨੂੰ ਜਹਾਜ਼ ਰਾਹੀਂ ਭੇਜਣਗੇ ਪਟਨਾ
Wednesday, Jun 03, 2020 - 03:44 PM (IST)
ਨਵੀਂ ਦਿੱਲੀ (ਭਾਸ਼ਾ)— ਆਮ ਆਦਮੀ ਪਾਰਟੀ (ਆਪ) ਨੇਤਾ ਸੰਜੇ ਸਿੰਘ ਨੇ ਬਤੌਰ ਸੰਸਦ ਮੈਂਬਰ ਆਪਣੀਆਂ 34 ਹਵਾਈ ਟਿਕਟਾਂ ਦਾ ਇਸਤੇਮਾਲ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਲੀ ਤੋਂ ਪਟਨਾ ਭੇਜਣ ਦਾ ਫੈਸਲਾ ਕੀਤਾ ਹੈ। ਉਹ ਵੀਰਵਾਰ ਭਾਵ ਕੱਲ ਸ਼ਾਮ ਨੂੰ ਦੋ ਉਡਾਣਾਂ ਤੋਂ 33 ਪ੍ਰਵਾਸੀ ਮਜ਼ਦੂਰਾਂ ਨੂੰ ਪਟਨਾ ਲੈ ਕੇ ਜਾਣਗੇ। ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਸਾਥੀਆਂ ਅਤੇ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸੰਸਦ ਮੈਂਬਰਾਂ ਨੂੰ ਸਾਲ ਭਰ ਵਿਚ ਮਿਲਣ ਵਾਲੀਆਂ 34 ਜਹਾਜ਼ ਟਿਕਟਾਂ ਦਾ ਇਸਤੇਮਾਲ ਪ੍ਰਵਾਸੀ ਸਾਥੀਆਂ ਨੂੰ ਪਟਨਾ ਪਹੁੰਚਾਉਣ ਲਈ ਕਰਾਂਗਾ। ਇਕ ਸੰਸਦ ਮੈਂਬਰ ਲਈ ਸਾਲਾਨਾ ਘਰੇਲੂ ਉਡਾਣਾਂ 'ਚ 34 ਬਿਜ਼ਨੈੱਸ ਕਲਾਸ ਟਿਕਟਾਂ ਰਾਖਵੀਂਆਂ ਹੁੰਦੀਆਂ ਹਨ।
ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸੰਜੇ ਸਿੰਘ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਸਾਰਿਆਂ ਲਈ ਪ੍ਰੇਰਣਾਦਾਇਕ ਦੱਸਿਆ। ਕੇਜਰੀਵਾਲ ਨੇ ਟਵੀਟ ਕੀਤਾ ਕਿ ਸੰਜੇ ਸਿੰਘ ਦੀ ਇਸ ਵਿਲੱਖਣ ਪਹਿਲ ਤੋਂ ਸਾਰਿਆਂ ਨੂੰ ਪ੍ਰੇਰਣਾ ਮਿਲੇਗੀ। ਜਿਨ੍ਹਾਂ ਨੂੰ ਭਗਵਾਨ ਨੇ ਜ਼ਿੰਦਗੀ ਦੇ ਸਾਧਨ ਦਿੱਤੇ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸਾਧਨ ਦੂਜਿਆਂ ਦੀ ਸੇਵਾ 'ਚ ਲਾਉਣ। ਸੰਜੇ ਜੀ ਵਧਾਈ ਦੇ ਪਾਤਰ ਹਨ। ਓਧਰ ਮੁੱਖ ਮੰਤਰੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਸੰਜੇ ਸਿੰਘ ਨੇ ਲਿਖਿਆ ਧੰਨਵਾਰ ਅਰਵਿੰਦ ਕੇਜਰੀਵਾਲ ਭਰਾ, ਰਾਜਨੀਤੀ ਵਿਚ ਜਿਨ੍ਹਾਂ ਆਦਰਸ਼ਾਂ ਨੂੰ ਲੈ ਕੇ ਅਸੀਂ ਲੋਕ ਤੁਹਾਡੇ ਨਾਲ ਨਿਕਲੇ, ਉਸ ਦਾ ਜ਼ਿੰਦਗੀ ਭਰ ਪਾਲਣ ਕਰਨ ਦੀ ਕੋਸ਼ਿਸ਼ ਕਰਾਂਗਾ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਤਾਲਾਬੰਦੀ ਕਾਰਨ ਲੱਖਾਂ ਪ੍ਰਵਾਸੀ ਮਜ਼ਦੂਰ ਦੇਸ਼ ਦੇ ਕਈ ਹਿੱਸਿਆਂ ਵਿਚ ਫਸ ਗਏ ਹਨ।