'ਆਪ' ਨੇਤਾ ਆਤਿਸ਼ੀ ਦਾ ਵੱਡਾ ਖ਼ੁਲਾਸਾ, ਮੈਨੂੰ ਭਾਜਪਾ 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ

04/02/2024 11:31:08 AM

ਨਵੀਂ ਦਿੱਲੀ- ਦਿੱਲੀ ਸਰਕਾਰ ਵਿਚ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਾਰਟੀ ਨੇ ਮੇਰੇ ਇਕ ਬਹੁਤ ਕਰੀਬੀ ਵਿਅਕਤੀ ਜ਼ਰੀਏ ਮੈਨੂੰ ਪਾਰਟੀ ਜੁਆਇਨ ਕਰਨ ਦਾ ਆਫ਼ਰ ਦਿੱਤਾ ਹੈ। ਮੈਨੂੰ ਇਹ ਕਿਹਾ ਗਿਆ ਕਿ ਜਾਂ ਤਾਂ ਮੈਂ ਭਾਜਪਾ ਪਾਰਟੀ ਜੁਆਇਨ ਕਰ ਲਵਾਂ, ਆਪਣਾ ਸਿਆਸੀ ਕਰੀਅਰ ਬਚਾਅ ਲਵਾਂ ਜੇਕਰ ਭਾਜਪਾ ਪਾਰਟੀ ਨਹੀਂ ਜੁਆਇਨ ਕੀਤੀ ਤਾਂ ਆਉਣ ਵਾਲੇ ਇਕ ਮਹੀਨੇ ਵਿਚ ਈਡੀ ਵਲੋਂ ਮੈਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਭਾਜਪਾ ਪਾਰਟੀ ਨੇ ਆਪਣਾ ਮਨ ਬਣਾ ਲਿਆ ਹੈ ਕਿ ਆਮ ਆਦਮੀ ਪਾਰਟੀ ਅਤੇ ਉਸ ਦੇ ਸਾਰੇ ਨੇਤਾਵਾਂ ਨੂੰ ਉਹ ਖ਼ਤਮ ਕਰਨਾ ਹੈ।

ਇਹ ਵੀ ਪੜ੍ਹੋ-  ਆਬਕਾਰੀ ਨੀਤੀ ਮਾਮਲਾ: 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਰਹਿਣਗੇ ਕੇਜਰੀਵਾਲ

ਆਤਿਸ਼ੀ ਮੁਤਾਬਕ ਪਹਿਲਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਪਹਿਲਾਂ ਸਤੇਂਦਰ ਜੈਨ, ਫਿਰ ਮਨੀਸ਼ ਸਿਸੋਦੀਆ ਅਤੇ ਫਿਰ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਹੋਈ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਭਾਜਪਾ ਪਾਰਟੀ ਦਾ ਇਹ ਇਰਾਦਾ ਹੈ ਕਿ ਆਉਣ ਵਾਲੇ ਦੋ ਮਹੀਨਿਆਂ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ 4 ਹੋਰ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨਗੇ। ਆਤਿਸ਼ੀ ਨੇ ਕਿਹਾ ਕਿ ਹੁਣ ਉਹ ਮੈਨੂੰ ਗ੍ਰਿਫ਼ਤਾਰ ਕਰਨਗੇ। ਉਹ ਸੌਰਭ ਭਾਰਦਵਾਜ, ਗੁਰਦੇਸ਼ ਪਾਠਕ ਅਤੇ ਰਾਘਵ ਚੱਢਾ ਨੂੰ ਗ੍ਰਿਫ਼ਤਾਰ ਕਰਨਗੇ।

ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਨੂੰ 15 ਦਿਨਾਂ ਲਈ ਜੇਲ੍ਹ ਭੇਜਿਆ, ਤਿਹਾੜ ਜੇਲ੍ਹ ਨੰਬਰ-2 'ਚ ਰੱਖਿਆ ਜਾਵੇਗਾ

ਭਾਜਪਾ ਪਾਰਟੀ ਨੇ ਇਹ ਉਮੀਦ ਕੀਤੀ ਸੀ ਕਿ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਆਮ ਆਦਮੀ ਪਾਰਟੀ ਬਿਖਰ ਜਾਵੇਗੀ, ਕਿਉਂਕਿ ਹੁਣ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜੇਲ੍ਹ ਵਿਚ ਹੈ। ਪਰ ਐਤਵਾਰ ਨੂੰ ਰਾਮਲੀਲਾ ਮੈਦਾਨ 'ਚ ਹੋਈ ਮਹਾਰੈਲੀ ਮਗਰੋਂ ਜਿੱਥੇ ਦੇਸ਼ ਭਰ ਤੋਂ ਲੱਖਾਂ ਲੋਕ ਆਏ, ਪਿਛਲੇ 10 ਦਿਨਾਂ ਤੋਂ ਸੜਕ 'ਤੇ ਚੱਲ ਰਹੇ ਸੰਘਰਸ਼ ਮਗਰੋਂ ਭਾਜਪਾ ਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਟਾਪ 4 ਲੀਡਰਾਂ ਨੂੰ ਗ੍ਰਿਫ਼ਤਾਰ ਕਰਨਾ ਕਾਫੀ ਨਹੀਂ ਹੈ। 

ਇਹ ਵੀ ਪੜ੍ਹੋ- 'ਇੰਡੀਆ' ਮਹਾਰੈਲੀ: ਕੇਜਰੀਵਾਲ ਸੱਚੇ ਦੇਸ਼ ਭਗਤ ਹਨ, ਮੰਚ ਤੋਂ ਪਤਨੀ ਸੁਨੀਤਾ ਨੇ ਪੜ੍ਹਿਆ CM ਦਾ ਸੰਦੇਸ਼

ਆਤਿਸ਼ੀ ਮੁਤਾਬਕ ਮੈਨੂੰ ਦੱਸਿਆ ਗਿਆ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਮੇਰੇ ਘਰ ਵਿਚ ਈਡੀ ਦੀ ਛਾਪੇਮਾਰੀ ਹੋਵੇਗੀ। ਨਾ ਸਿਰਫ ਮੇਰੇ ਘਰ ਵਿਚ ਈਡੀ ਦੀ ਛਾਪੇਮਾਰੀ ਹੋਵੇਗੀ, ਸਗੋਂ ਮੇਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਹੋਵੇਗੀ। ਆਤਿਸ਼ੀ ਨੇ ਕਿਹਾ ਕਿ ਅਸੀਂ ਭਾਜਪਾ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ। ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਹਾਂ, ਅਸੀਂ ਭਗਤ ਸਿੰਘ ਦੇ ਚੇਲੇ ਹਾਂ। ਅਸੀਂ ਕੇਜਰੀਵਾਲ ਦੀ ਅਗਵਾਈ ਵਿਚ ਇਸ ਦੇਸ਼ ਨੂੰ ਬਚਾਉਣ ਲਈ, ਸੰਵਿਧਾਨ ਨੂੰ ਬਚਾਉਣ ਲਈ ਅਤੇ ਇਸ ਦੇਸ਼ ਦੇ ਲੋਕਾਂ ਨੂੰ ਬਿਹਤਰ ਜ਼ਿੰਦਗੀ ਦੇਣ ਲਈ ਕੰਮ ਕਰਦੇ ਰਹਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News