ਦਿੱਲੀ ਦੀ ਪਿਛਲੀ ‘ਆਪ’ ਸਰਕਾਰ ਖਜ਼ਾਨਾ ਖਾਲੀ ਛੱਡ ਕੇ ਗਈ : ਰੇਖਾ ਗੁਪਤਾ

Monday, Feb 24, 2025 - 12:13 PM (IST)

ਦਿੱਲੀ ਦੀ ਪਿਛਲੀ ‘ਆਪ’ ਸਰਕਾਰ ਖਜ਼ਾਨਾ ਖਾਲੀ ਛੱਡ ਕੇ ਗਈ : ਰੇਖਾ ਗੁਪਤਾ

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪਿਛਲੀ ਸਰਕਾਰ, ਭਾਜਪਾ ਸਰਕਾਰ ਲਈ ‘ਸਰਕਾਰੀ ਖਜ਼ਾਨੇ ਨੂੰ ਖਾਲੀ’ ਛੱਡ ਕੇ ਗਈ ਹੈ। ਹਾਲਾਂਕਿ ਉਨ੍ਹਾਂ ਭਰੋਸਾ ਦਿੱਤਾ ਕਿ ਔਰਤਾਂ ਲਈ 2,500 ਰੁਪਏ ਮਹੀਨਾ ਭੁਗਤਾਨ ਦੀ ਯੋਜਨਾ ਨੂੰ ਵਿਸਥਾਰਤ ਯੋਜਨਾ ਨਾਲ ਲਾਗੂ ਕੀਤਾ ਜਾਵੇਗਾ।

ਰੇਖਾ ਗੁਪਤਾ ਨੇ ਸੋਮਵਾਰ ਨੂੰ ਦਿੱਲੀ ਦੀ ਨਵੀਂ ਬਣੀ 8ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਤੋਂ ਪਹਿਲਾਂ ਸੂਬਾ ਪਾਰਟੀ ਦਫ਼ਤਰ ’ਚ ਹੋਰ ਭਾਜਪਾ ਵਿਧਾਇਕਾਂ ਨਾਲ ਇਕ ਬੈਠਕ ’ਚ ਭਾਗ ਲਿਆ। ਬੈਠਕ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵ-ਨਿਯੁਕਤ ਮੁੱਖ ਮੰਤਰੀ ਨੇ ਕਿਹਾ ਕਿ ‘ਮਹਿਲਾ ਸਮ੍ਰਿਧੀ ਯੋਜਨਾ’ ਨੂੰ ਲਾਗੂ ਕਰਨ ਲਈ ਅਧਿਕਾਰੀਆਂ ਨਾਲ ਕਈ ਬੈਠਕਾਂ ਹੋਈਆਂ ਹਨ, ਜਿਸ ਦੇ ਤਹਿਤ ਦਿੱਲੀ ’ਚ ਪਾਤਰ ਔਰਤਾਂ ਨੂੰ 2,500 ਰੁਪਏ ਪ੍ਰਤੀ ਮਹੀਨਾ ਦਾ ਭੁਗਤਾਨ ਕੀਤਾ ਜਾਣਾ ਹੈ।

ਯੋਜਨਾ ਨੂੰ ਲਾਗੂ ਕਰਨ ਦੀ ਤਿਆਰੀ ਬਾਰੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਾਨੂੰ ਕਿਸ ਹਾਲਤ ’ਚ ਛੱਡ ਕੇ ਗਈ ਹੈ... ਜਦੋਂ ਅਸੀਂ ਮੌਜੂਦਾ ਸਰਕਾਰ ਦੀ ਵਿੱਤੀ ਸਥਿਤੀ ਦੀ ਸਮੀਖਿਆ ਕਰਨ ਲਈ ਅਧਿਕਾਰੀਆਂ ਨਾਲ ਬੈਠੇ ਤਾਂ ਅਸੀਂ ਵੇਖਿਆ ਕਿ ਸਰਕਾਰੀ ਖਜ਼ਾਨਾ ਖਾਲੀ ਹੈ। ਹਾਲਾਂਕਿ ਰੇਖਾ ਗੁਪਤਾ ਨੇ ਭਰੋਸਾ ਦਿੱਤਾ ਕਿ ਇਸ ਯੋਜਨਾ ਨੂੰ ਯਕੀਨੀ ਤੌਰ ’ਤੇ ਵਿਸਥਾਰਤ ਯੋਜਨਾ ਨਾਲ ਲਾਗੂ ਕੀਤਾ ਜਾਵੇਗਾ। ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਇਕ-ਇਕ ਏਜੰਡਾ ਵਿਕਸਿਤ ਦਿੱਲੀ ਯਕੀਨੀ ਬਣਾਉਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ।


author

Tanu

Content Editor

Related News