ਮੋਦੀ ਦੇ ‘ਅੰਮ੍ਰਿਤਕਾਲ’ ਦੌਰਾਨ ਆਮ ਆਦਮੀ ਦੀ ‘ਖਾਲੀ ਜੇਬ’ ’ਤੇ ਵੀ ਮਾਰਿਆ ਜਾ ਰਿਹਾ ਹੈ ਡਾਕਾ : ਰਾਹੁਲ
Wednesday, Jul 31, 2024 - 12:42 AM (IST)
ਨਵੀਂ ਦਿੱਲੀ, (ਭਾਸ਼ਾ)- ਆਪਣੇ ਬੈਂਕ ਖਾਤਿਆਂ ਵਿਚ ਘੱਟੋ-ਘੱਟ ਬਕਾਇਆ ਨਾ ਰੱਖ ਸਕਣ ਵਾਲੇ ਗਾਹਕਾਂ ’ਤੇ ਜੁਰਮਾਨਾ ਲਾਉਣ ਲਈ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਮੰਗਲਵਾਰ ਨਿਸ਼ਾਨਾ ਵਿੰਨ੍ਹਿਆ ਤੇ ਦਾਅਵਾ ਕੀਤਾ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੱਕਰਵਿਊ ਤੋੜਨਗੇ ਤੇ ਹਰ ਜ਼ੁਲਮ ਦਾ ਮੂੰਹ ਤੋੜ ਜਵਾਬ ਦੇਣਗੇ। ਲੋਕ ਅਭਿਮਨਿਊ ਨਹੀਂ, ਅਰਜੁਨ ਹਨ।
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੋਮਵਾਰ ਲੋਕ ਸਭਾ ’ਚ ਇਕ ਸਵਾਲ ਦੇ ਜਵਾਬ ’ਚ ਦੱਸਿਆ ਸੀ ਕਿ ਜਨਤਕ ਖੇਤਰ ਦੇ ਬੈਂਕਾਂ ਨੇ ਵਿੱਤੀ ਸਾਲ 2023-24 ’ਚ ਔਸਤ ਮਾਸਿਕ ਘੱਟੋ-ਘੱਟ ਬਕਾਇਆ ਨਾ ਰੱਖਣ ਲਈ ਜਮ੍ਹਾਂਕਰਤਾਵਾਂ ’ਤੇ 2,331 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਕਿ ਨਰਿੰਦਰ ਮੋਦੀ ਦੇ ਅੰਮ੍ਰਿਤਕਾਲ ’ਚ ਆਮ ਭਾਰਤੀਆਂ ਦੀਆਂ ‘ਖਾਲੀ ਜੇਬਾਂ’ ’ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਨਅੱਤਕਾਰਾਂ ਦੇ 16 ਲੱਖ ਕਰੋੜ ਰੁਪਏ ਮੁਆਫ਼ ਕਰਨ ਵਾਲੀ ਸਰਕਾਰ ਨੇ ਉਨ੍ਹਾਂ ਵਿਚਾਰੇ ਗਰੀਬ ਭਾਰਤੀਆਂ ਤੋਂ 8500 ਕਰੋੜ ਰੁਪਏ ਵਸੂਲ ਲਏ ਹਨ, ਜੋ ‘ਘੱਟੋ-ਘੱਟ ਬੈਲੇਂਸ’ ਵੀ ਨਹੀਂ ਰੱਖ ਸਕਦੇ।
ਉਨ੍ਹਾਂ ਦਾਅਵਾ ਕੀਤਾ ਕਿ ਜੁਰਮਾਨਾ ਤੰਤਰ ਮੋਦੀ ਦੇ ਚੱਕਰਵਿਊ ਦਾ ਉਹ ਦਰਵਾਜ਼ਾ ਹੈ, ਜਿਸ ਰਾਹੀਂ ਆਮ ਭਾਰਤੀ ਦੀ ਕਮਰ ਤੋੜਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ ਪਰ ਯਾਦ ਰੱਖੋ, ਭਾਰਤ ਦੇ ਲੋਕ ਅਭਿਮਨਿਊ ਨਹੀਂ ਸਗੋਂ ਅਰਜੁਨ ਹਨ। ਉਹ ਚੱਕਰਵਿਊ ਤੋੜ ਕੇ ਤੁਹਾਡੇ ਹਰ ਜ਼ੁਲਮ ਦਾ ਜਵਾਬ ਦੇਣਾ ਜਾਣਦੇ ਹਨ।