ਵਿਚਕਾਰ ਸੜਕ ''ਤੇ ਬਣਿਆ ਘਰ ਸਭ ਲਈ ''ਅਜੂਬਾ'', ਲੋਕ ਵੇਖ ਹੋਏ ਹੈਰਾਨ
Thursday, Nov 21, 2024 - 09:59 AM (IST)
ਨੂਹ- ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਪੁਨਹਾਨਾ ਸਬ-ਡਵੀਜ਼ਨ ਦੇ ਪੈਮਾਖੇੜਾ ਪਿੰਡ 'ਚ ਸੜਕ ਉੱਪਰ ਬਣਾਏ ਗਏ ਘਰ ਦੀ ਚਰਚਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ। ਘਰ ਨੂੰ ਲੈ ਕੇ ਲੋਕ ਸਵਾਲ ਚੁੱਕ ਰਹੇ ਹਨ, ਜਦਕਿ ਗੈਰ-ਕਾਨੂੰਨੀ ਕਬਜ਼ੇ ਦਾ ਵੀ ਦੋਸ਼ ਲਾਏ ਜਾ ਰਹੇ ਹਨ।
ਸੋਸ਼ਲ ਮੀਡੀਆ 'ਤੇ ਇਸ ਘਰ ਦੀ ਤਸਵੀਰ ਵਾਇਰਲ ਹੋ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਸੜਕ ਦੇ ਵਿਚ ਗੈਰ-ਕਾਨੂੰਨੀ ਕਬਜ਼ਾ ਕਰ ਕੇ ਬਣਾਇਆ ਗਿਆ ਹੈ। ਦਰਅਸਲ ਜਿੱਥੇ ਇਹ ਘਰ ਬਣਾਇਆ ਗਿਆ ਹੈ, ਉੱਥੇ ਹੇਠਾਂ ਤੋਂ ਸੜਕ ਲੰਘ ਰਹੀ ਹੈ ਅਤੇ ਉੱਪਰ ਸਲੈਬ ਪਾ ਕੇ ਦੋ ਮੰਜ਼ਿਲਾਂ ਮਕਾਨ ਬਣਾਇਆ ਗਿਆ ਹੈ। ਸੜਕ ਨੂੰ ਹਾਲਾਂਕਿ ਬੰਦ ਨਹੀਂ ਕੀਤਾ ਗਿਆ ਹੈ ਅਤੇ ਸੁਰੰਗ ਦੀ ਤਰ੍ਹਾਂ ਸਪੇਸ ਛੱਡ ਦਿੱਤੀ ਗਈ ਹੈ।
ਫਿਲਹਾਲ ਮਕਾਨ ਦੇ ਮਾਲਕ ਅਤੇ ਮਸਜਿਦ ਦੇ ਕਰਮਚਾਰੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਮਕਾਨ ਅਤੇ ਸੜਕ ਨਿੱਜੀ ਜ਼ਮੀਨ 'ਤੇ ਬਣੀ ਹੋਈ ਹੈ। ਉਸਾਰੀ ਦੌਰਾਨ ਹੀ ਕੋਈ ਇਤਰਾਜ਼ ਜਾਂ ਸ਼ਿਕਾਇਤ ਦਰਜ ਕਰਵਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਸਭ ਜਾਣਦੇ ਹਨ ਕਿ ਇਹ ਉਨ੍ਹਾਂ ਦੀ ਨਿੱਜੀ ਜ਼ਮੀਨ ਹੈ। ਤਸਵੀਰ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਘਰ ਦੇ ਮਾਲਕ ਮੁਹੰਮਦ ਇਨਸਾਫ ਨੇ ਕਿਹਾ ਕਿ ਇਹ ਕੋਈ ਗੈਰ-ਕਾਨੂੰਨੀ ਉਸਾਰੀ ਨਹੀਂ ਹੈ ਅਤੇ ਮਸਜਿਦ ਦੇ ਨਾਲ ਉਸ ਦਾ ਖੇਤ ਅਤੇ ਘਰ ਹੈ। ਇੱਥੇ ਕਿਸੇ ਕਿਸਮ ਦੀ ਕੋਈ ਵੀ ਗੈਰ-ਕਾਨੂੰਨੀ ਉਸਾਰੀ ਨਹੀਂ ਕੀਤੀ ਗਈ ਹੈ।