ਰਾਹੁਲ ਦੀ ਸਜ਼ਾ ’ਤੇ ਰੋਕ ਨਾਲ ਭਾਜਪਾ ਨੂੰ ਝਟਕਾ, ਕਾਂਗਰਸ ਨੂੰ ਮਿਲੀ ਬੂਸਟਰ ਡੋਜ਼, ਹਮਲਾਵਰ ਹੋਵੇਗੀ ਵਿਰੋਧੀ ਧਿਰ
Saturday, Aug 05, 2023 - 11:49 AM (IST)
ਨਵੀਂ ਦਿੱਲੀ, (ਏਜੰਸੀਆਂ)– ਮੋਦੀ ਉਪ ਨਾਂ ਦੇ ਮਾਮਲੇ ਵਿਚ ਰਾਹੁਲ ਗਾਂਧੀ ਨੂੰ ਮਿਲੀ ਸਜ਼ਾ ’ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ। ਇਸ ਨਾਲ ਉਨ੍ਹਾਂ ਦੀ ਸੰਸਦ ਮੈਂਬਰਸ਼ਿਪ ਬਹਾਲ ਹੋਣ ਦਾ ਰਾਹ ਵੀ ਖੁੱਲ੍ਹ ਗਿਆ ਹੈ। ਕਾਂਗਰਸ ਨੇ ਇਸ ਨੂੰ ਲੋਕਤੰਤਰ ਅਤੇ ਸੱਚ ਦੀ ਜਿੱਤ ਦੱਸਿਆ ਹੈ। ਰਾਹੁਲ ਗਾਂਧੀ ਦੀ ਸਜ਼ਾ ’ਤੇ ਰੋਕ ਲੱਗਣ ਨਾਲ ਕਾਂਗਰਸ ਨੂੰ ਸਰਕਾਰ ’ਤੇ ਹਮਲਾਵਰ ਹੋਣ ਦਾ ਮੌਕਾ ਮਿਲਿਆ ਹੈ ਜੋ ਪਹਿਲਾਂ ਹੀ ਮਣੀਪੁਰ ਦੇ ਮੁੱਦੇ ’ਤੇ ਸਰਕਾਰ ਨੂੰ ਹਰ ਪਾਸਿਓਂ ਘੇਰੇ ਹੋਏ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ।
ਦਰਅਸਲ ਜੇ ਰਾਹੁਲ ਨੂੰ ਹੋਈ 2 ਸਾਲ ਦੀ ਸਜ਼ਾ ਲਾਗੂ ਹੋ ਜਾਂਦੀ ਤਾਂ ਉਨ੍ਹਾਂ ਦੇ 6 ਸਾਲ ਤੱਕ ਚੋਣ ਲੜਨ ’ਤੇ ਵੀ ਰੋਕ ਲੱਗ ਜਾਂਦੀ। ਇਸ ਨਾਲ ਉਹ 2024 ਦੇ ਨਾਲ-ਨਾਲ 2029 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਹਿੱਸਾ ਨਹੀਂ ਸੀ ਲੈ ਸਕਦੇ। ਇਸ ਨਾਲ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਵੱਡਾ ਝਟਕਾ ਲੱਗ ਸਕਦਾ ਸੀ।
ਕਾਂਗਰਸ ਦੇ ਨਾਲ ਇਹ ‘ਇੰਡੀਆ’ ਗਠਜੋੜ ਨੂੰ ਵੀ ਨੁਕਸਾਨ ਪਹੁੰਚਾਉਂਦਾ ਜੋ ਕਾਂਗਰਸ ਅਤੇ ਰਾਹੁਲ ਗਾਂਧੀ ਦੇ ਆਲੇ-ਦੁਆਲੇ ਪੀ. ਐੱਮ. ਮੋਦੀ ਨੂੰ ਘੇਰਨ ਦੀ ਤਿਆਰੀ ਕਰ ਰਿਹਾ ਹੈ। ਰਾਹੁਲ ਗਾਂਧੀ ਦੇ ਜੇਲ ਜਾਣ ਨਾਲ ਵਿਰੋਧੀ ਧਿਰ ਦਾ ਹਮਲਾਵਰ ਰੁਖ ਵੀ ਕਮਜ਼ੋਰ ਪੈ ਸਕਦਾ ਸੀ। ਇਸ ਸੰਦਰਭ ਵਿਚ ਰਾਹੁਲ ਗਾਂਧੀ ਦੀ ਸਜ਼ਾ ’ਤੇ ਰੋਕ ਕਾਂਗਰਸ ਦੇ ਨਾਲ-ਨਾਲ ਪੂਰੇ ਵਿਰੋਧੀ ਧਿਰ ਲਈ ਬੂਸਟਰ ਡੋਜ਼ ਵਾਂਗ ਕੰਮ ਕਰੇਗੀ।
ਸੂਰਜ, ਚੰਨ ਅਤੇ ਸੱਚ ਨੂੰ ਲੰਬੇ ਸਮੇਂ ਤੱਕ ਲੁਕਾਇਆ ਨਹੀਂ ਜਾ ਸਕਦਾ : ਪ੍ਰਿਯੰਕਾ
ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਉਣ ’ਤੇ ਸੁਪਰੀਮ ਕੋਰਟ ਵਲੋਂ ਰੋਕ ਲਾਏ ਜਾਣ ਦਾ ਸਵਾਗਤ ਕਰਦੇ ਹੋਏ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਇਹ ਸੱਚ ਅਤੇ ਨਿਆਂ ਦੀ ਜਿੱਤ ਹੈ ਅਤੇ ਜਨਤਾ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਗਵਾਨ ਬੁੱਧ ਦਾ ਹਵਾਲਾ ਦਿੰਦ ਹੋਏ ਕਿਹਾ ਕਿ ਤਿੰਨ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਲੁਕਾਇਆ ਨਹੀਂ ਜਾ ਸਕਦਾ-ਸੂਰਜ, ਚੰਦਰਮਾ ਅਤੇ ਸੱਚ। ਉਨ੍ਹਾਂ ਨੇ ਕਿਹਾ, ‘‘ਮਾਣਯੋਗ ਸੁਪਰੀਮ ਕੋਰਟ ਨੂੰ ਨਿਆਂਪੂਰਣ ਫੈਸਲਾ ਦੇਣ ਲਈ ਧੰਨਵਾਦ। ਸੱਤਯਮੇਵ ਜਯਤੇ।’’
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰ ਕੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਸੱਚ ਅਤੇ ਨਿਆਂ ਦੀ ਮਜ਼ਬੂਤ ਪੁਸ਼ਟੀ ਹੈ। ਭਾਜਪਾ ਦੀ ਮਸ਼ੀਨਰੀ ਦੇ ਅਣਥੱਕ ਯਤਨਾਂ ਦੇ ਬਾਵਜੂਦ ਰਾਹੁਲ ਗਾਂਧੀ ਨੇ ਨਿਆਇਕ ਪ੍ਰਕਿਰਿਆ ਵਿਚ ਆਪਣਾ ਵਿਸ਼ਵਾਸ ਰੱਖਣ ਦਾ ਬਦਲ ਚੁਣਦੇ ਹੋਏ ਝੁਕਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ, ‘‘ਭਾਜਪਾ ਅਤੇ ਉਸ ਦੇ ਸਮਰਥਕਾਂ ਲਈ ਇਕ ਸਬਕ ਹੋਣਾ ਚਾਹੀਦਾ ਹੈ। ਤੁਸੀਂ ਬੁਰੇ ਤੋਂ ਬੁਰਾ ਕੰਮ ਕਰ ਸਕਦੇ ਹੋ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਇਕ ਸਰਕਾਰ ਅਤੇ ਇਕ ਪਾਰਟੀ ਵਜੋਂ ਆਪਣੀਆਂ ਅਸਫਲਤਾਵਾਂ ਨੂੰ ਉਜਾਗਰ ਕਰਨਾ ਜਾਰੀ ਰੱਖਾਂਗੇ। ਅਸੀਂ ਆਪਣੇ ਸੰਵਿਧਾਨਿਕ ਆਦਰਸ਼ਾਂ ਨੂੰ ਕਾਇਮ ਰੱਖਾਂਗੇ ਅਤੇ ਆਪਣੀਆਂ ਸੰਸਥਾਵਾਂ ਵਿਚ ਵਿਸ਼ਵਾਸ ਬਣਾਈ ਰੱਖਾਂਗੇ, ਜਿਨ੍ਹਾਂ ਨੂੰ ਤੁਸੀਂ ਇੰਨੀ ਬੇਤਾਬੀ ਨਾਲ ਨਸ਼ਟ ਕਰਨਾ ਚਾਹੁੰਦੇ ਹੋ। ਸੱਤਯਮੇਵ ਜਯਤੇ।’’
ਬਘੇਲ ਨੇ ਕਿਹਾ-ਇਹ ‘ਇੰਡੀਆ’ ਦੀ ਜਿੱਤ
ਰਾਏਪੁਰ : ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਕਿਹਾ ਕਿ ਇਹ ‘ਇੰਡੀਆ’ ਦੀ ਜਿੱਤ ਹੈ। ਬਘੇਲ ਨੇ ਟਵੀਟ ਕੀਤਾ,‘‘ਹਨ੍ਹੇਰਾ ਭਾਵੇਂ ਭਾਰੀ ਹੋਵੇ ਅਤੇ ਸਮੁੰਦਰ ਪਾਰ ਹੋਵੇ, ਸਦਾ ਚਾਨਣ ਜਿੱਤਿਆ ਹੈ, ਜੇ ਸੱਚ ਆਧਾਰ ਹੋਵੇ।
ਰਾਹੁਲ ਗਾਂਧੀ ਜੀ ਦੀ ਸਜ਼ਾ ’ਤੇ ਰੋਕ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਭਾਰਤ ਸਵਾਗਤ ਕਰਦਾ ਹੈ। ਸੱਤਯਮੇਵ ਜਯਤੇ! ਇਹ ‘ਇੰਡੀਆ’ ਦੀ ਜਿੱਤ ਹੈ।’’ ਬਘੇਲ ਨੇ ਕਿਹਾ ਕਿ ਇਸ ਦੇ ਨਾਲ ਹੀ ਰਾਹੁਲ ਗਾਂਧੀ ਦੀ ਇਕ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿਚ ਲਿਖਿਆ ਹੈ, ‘‘ਨਫਰਤ ਦੇ ਬਾਜ਼ਾਰ ਵਿਚ ਮੁਹੱਬਤ ਦੀ ਦੁਕਾਨ ਖੋਲ੍ਹ ਰਿਹਾ ਹਾਂ, ਹਾਂ ਮੈਂ ਰਾਹੁਲ ਬੋਲ ਰਿਹਾ ਹਾਂ।’’
ਸੰਵਿਧਾਨ ਅਤੇ ਲੋਕਤੰਤਰ ਦੀ ਜਿੱਤ ਹੋਈ, ਭਾਜਪਾ ਦੀ ਸਾਜਿਸ਼ ਬੇਨਕਾਬ : ਖੜਗੇ
24 ਘੰਟਿਆਂ ’ਚ ਖੋਹੀ ਸੀ ਮੈਂਬਰਸ਼ਿਪ, ਦੇਖਣਾ ਹੈ ਬਹਾਲੀ ਕਦੋਂ ਹੋਵੇਗੀ?
ਕਾਂਗਰਸ ਮੁਖੀ ਮੱਲਿਕਾਰਜੁਨ ਖੜਗੇ ਨੇ ‘ਮੋਦੀ ਉੱਪ ਨਾਂ’ ਵਾਲੀ ਟਿੱਪਣੀ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਰਾਹੁਲ ਗਾਂਧੀ ਨੂੰ ਰਾਹਤ ਦਿੱਤੇ ਜਾਣ ਨੂੰ ਸੰਵਿਧਾਨ, ਲੋਕਤੰਤਰ ਅਤੇ ਭਾਰਤ ਦੀ ਜਨਤਾ ਦੀ ਜਿੱਤ ਕਰਾਰ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਾਜਿਸ਼ ਬੇਨਕਾਬ ਹੋ ਗਈ ਹੈ।
ਖੜਗੇ ਨੇ ਟਵੀਟ ਕੀਤਾ, ‘‘ਸੱਤਯਮੇਵ ਜਯਤੇ! ਸੁਪਰੀਮ ਕੋਰਟ ਦੇ ਫੈਸਲਾ ਦਾ ਤਹਿ ਦਿਲੋਂ ਸਵਾਗਤ! ਸੰਵਿਧਾਨ, ਲੋਕਤੰਤਰ ਅਤੇ ਭਾਰਤ ਦੀ ਜਨਤਾ ਦੀ ਜਿੱਤ ਹੋਈ। ਵਾਇਨਾਡ ਦੇ ਨਾਗਰਿਕਾਂ ਦੀ ਜਿੱਤ ਹੋਈ। ਰਾਹੁਲ ਗਾਂਧੀ ਜੀ ਦੇ ਖਿਲਾਫ ਭਾਜਪਾ ਦੀ ਸਾਜਿਸ਼ ਬੇਨਕਾਬ ਹੋਈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੇ ਮੰਦਰ ਵਿਚ ਮੁੜ ਗੂੰਜੇਗੀ ਆਮ ਜਨਤਾ ਦੀ ਬੁਲੰਦ ਆਵਾਜ਼। ਸੱਚ ਅਤੇ ਹਿੰਮਤ ਦੇ ਪ੍ਰਤੀਕ ਬਣ ਗਏ ਹਨ ਰਾਹੁਲ ਗਾਂਧੀ। ਮੋਦੀ ਸਰਕਾਰ ਅਤੇ ਭਾਜਪਾ ਦੇ ਲੋਕ ਓਹੀ ਕੰਮ ਕਰਨ, ਜਿਸ ਦਾ ਉਨ੍ਹਾਂ ਨੂੰ ਹੁਕਮ ਮਿਲਿਆ ਹੈ। ਆਪਣੇ ਵਾਅਦਿਆਂ ਨੂੰ ਨਿਭਾਉਣ ਵਿਚ ਉਹ ਇਕ ਦਹਾਕੇ ਤੋਂ ਅਸਫਲ ਰਹੇ ਹਨ। ਸੰਸਦ ਅਤੇ ਸੜਕ ਤੱਕ ਜਾਰੀ ਰਹੇਗਾ ਜਨਤਾ ਦੇ ਸਵਾਲਾਂ ’ਤੇ ਸੰਗ੍ਰਾਮ।’’
ਕਾਂਗਰਸ ਮੁਖੀ ਨੇ ਇਸ ਦੌਰਾਨ ਮੋਦੀ ਸਰਕਾਰ ’ਤੇ ਤਿੱਖੀ ਟਿੱਪਣੀ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅਯੋਗ ਐਲਾਨ ਕਰਨ ਵਿਚ 24 ਘੰਟੇ ਵੀ ਨਹੀਂ ਲਗਾਏ ਗਏ ਸਨ, ਹੁਣ ਇਹ ਦੇਖਣਾ ਹੈ ਕਿ ਸੰਸਦੀ ਬਹਾਲ ਕਰਨ ਵਿਚ ਕਿੰਨਾ ਸਮਾਂ ਲੱਗੇਗਾ। ਅਸੀਂ ਦੇਖਾਂਗੇ ਅਤੇ ਉਡੀਕ ਕਰਾਂਗੇ।
ਨਿਆਂਪਾਲਿਕਾ ’ਤੇ ਲੋਕਾਂ ਦਾ ਭਰੋਸਾ ਮਜ਼ਬੂਤ ਹੋਇਆ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਦੋਸ਼ੀ ਸਾਬਤ ਹੋਣ ’ਤੇ ਸੁਪਰੀਮ ਕੋਰਟ ਵਲੋਂ ਲਗਾਈ ਗਈ ਰੋਕ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਲੋਕਤੰਤਰ ਅਤੇ ਨਿਆਇਕ ਪ੍ਰਣਾਲੀ ਵਿਚ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਹੋਇਆ ਹੈ।
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਇਕ ਟਵੀਟ ਵਿਚ ਕਿਹਾ ਕਿ ਮੈਂ ਰਾਹੁਲ ਗਾਂਧੀ ਜੀ ਦੇ ਖਿਲਾਫ ਮਾਣਹਾਨੀ ਦੇ ਅਣਉਚਿੱਤ ਮਾਮਲੇ ਵਿਚ ਮਾਣਯੋਗ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਦਾ ਸਵਾਗਤ ਕਰਦਾ ਹਾਂ। ਇਹ ਭਾਰਤੀ ਲੋਕਤੰਤਰ ਅਤੇ ਨਿਆਇਕ ਪ੍ਰਣਾਲੀ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦ ਹੈ। ਉਨ੍ਹਾਂ ਨੂੰ ਅਤੇ ਵਾਇਨਾਡ ਦੇ ਲੋਕਾਂ ਨੂੰ ਵਧਾਈ।