ਸੀਵਾਨ ''ਚ 9 ਲੋਕਾਂ ਦੀ ਸ਼ੱਕੀ ਹਾਲਾਤਾਂ ''ਚ ਮੌਤ

Thursday, Oct 17, 2024 - 02:38 AM (IST)

ਸੀਵਾਨ— ਬਿਹਾਰ 'ਚ ਸੀਵਾਨ ਜ਼ਿਲ੍ਹੇ ਦੇ ਭਗਵਾਨਪੁਰ ਹਾਟ ਬਲਾਕ ਦੇ ਮਘਰ ਅਤੇ ਕੌਡੀਆ ਪੰਚਾਇਤ 'ਚ 9 ਲੋਕਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਕਨ੍ਹਈਆ ਕੁਮਾਰ ਨੇ ਅੱਜ ਇੱਥੇ ਦੱਸਿਆ ਕਿ ਸਵੇਰੇ 7:30 ਵਜੇ ਭਗਵਾਨਪੁਰ ਹਾਟ ਬਲਾਕ ਦੇ ਪਿੰਡ ਕੌਡੀਆ ਅਤੇ ਮੱਘਰ ਵਿੱਚ ਅਚਾਨਕ ਕੁਝ ਲੋਕਾਂ ਦੇ ਬੀਮਾਰ ਅਤੇ ਮਰਨ ਦੀ ਸੂਚਨਾ ਮਿਲੀ ਸੀ।

ਸੂਚਨਾ ਮਿਲਦੇ ਹੀ ਜ਼ਿਲ੍ਹਾ ਅਧਿਕਾਰੀ ਮੁਕੁਲ ਕੁਮਾਰ ਗੁਪਤਾ ਅਤੇ ਐਸ.ਪੀ. ਅਮਿਤੇਸ਼ ਕੁਮਾਰ ਮੌਕੇ 'ਤੇ ਪਹੁੰਚ ਗਏ। ਇਸ ਤੋਂ ਪਹਿਲਾਂ ਮਹਾਰਾਜਗੰਜ ਦੇ ਉਪਮੰਡਲ ਅਧਿਕਾਰੀ ਅਤੇ ਉਪ ਮੰਡਲ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿੱਚ ਪਾਇਆ ਗਿਆ ਕਿ ਕੁੱਲ ਚਾਰ ਵਿਅਕਤੀਆਂ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ। ਹੋਰ ਬਿਮਾਰ ਵਿਅਕਤੀਆਂ ਨੂੰ ਤੁਰੰਤ ਇਲਾਜ ਲਈ ਸਦਰ ਹਸਪਤਾਲ ਦਾਖਲ ਕਰਵਾਇਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਸੀਵਾਨ ਦੇ ਸਿਵਲ ਸਰਜਨ ਵੱਲੋਂ ਸ਼ਾਮ ਤੱਕ ਇਸ ਹਾਦਸੇ ਵਿੱਚ 38 ਲੋਕ ਬਿਮਾਰ ਹੋ ਗਏ ਸਨ, ਜਿਨ੍ਹਾਂ ਵਿੱਚੋਂ 25 ਲੋਕ ਸਦਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਚਾਰ ਵਿਅਕਤੀਆਂ ਨੂੰ ਵਿਸ਼ੇਸ਼ ਇਲਾਜ ਲਈ ਪੀ.ਐਮ.ਸੀ.ਐਚ. ਰੈਫਰ ਕੀਤਾ ਗਿਆ ਹੈ। ਜ਼ਿਲ੍ਹਾ ਅਧਿਕਾਰੀ ਵੱਲੋਂ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਸਿਵਲ ਸਰਜਨ ਨੇ ਸਦਰ ਹਸਪਤਾਲ ਅਤੇ ਬਸੰਤਪੁਰ ਸਿਹਤ ਕੇਂਦਰ ਨੂੰ 24 ਘੰਟੇ ਅਲਰਟ ਮੋਡ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਪ੍ਰਭਾਵਿਤ ਪੰਚਾਇਤ ਵਿੱਚ ਵਾਧੂ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਤੱਥ ਸਾਹਮਣੇ ਆਉਣਗੇ। ਇਸ ਦੌਰਾਨ ਪੁਲਸ ਸੁਪਰਡੈਂਟ ਨੇ ਭਗਵਾਨਪੁਰ ਹਾਟ ਥਾਣਾ ਇੰਚਾਰਜ ਅਤੇ ਡਿਊਟੀ ’ਤੇ ਤਾਇਨਾਤ ਦੋ ਚੌਕੀਦਾਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਸੁਪਰਡੈਂਟ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਦਾ ਗਠਨ ਕਰਕੇ ਸਾਰਨ ਜ਼ਿਲ੍ਹੇ ਨਾਲ ਸਾਂਝੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੇ ਸਬੰਧ 'ਚ ਹੁਣ ਤੱਕ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਮ੍ਰਿਤਕਾਂ ਸਬੰਧੀ ਕਈ ਤਰ੍ਹਾਂ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਕੰਟਰੋਲ ਰੂਮ ਦਾ ਨੰਬਰ 06154-24 2008 ਜਾਰੀ ਕਰਕੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਜਾਂ ਇਸ ਘਟਨਾ ਵਿੱਚ ਮਾਰੇ ਗਏ ਵਿਅਕਤੀਆਂ ਬਾਰੇ ਕੋਈ ਠੋਸ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਇਸ ਨੰਬਰ 'ਤੇ ਸੰਪਰਕ ਕਰੇ।


Inder Prajapati

Content Editor

Related News