ED ਨੂੰ ਤਲਾਸ਼ੀ ਦੌਰਾਨ 88 ਲੱਖ ਦੀ ਨਕਦੀ, ਫ਼ਰਜ਼ੀ ਆਯੁਸ਼ਮਾਨ ਕਾਰਡ ਤੇ 140 ਬੈਂਕ ਖਾਤਿਆਂ ਦਾ ਮਿਲਿਆ ਰਿਕਾਰਡ
Friday, Aug 02, 2024 - 10:09 PM (IST)
ਸ਼ਿਮਲਾ : ਫ਼ਰਜ਼ੀ ਆਯੁਸ਼ਮਾਨ ਕਾਰਡ ਮਾਮਲੇ ਦੀ ਜਾਂਚ ਕਰ ਰਹੀ ਈਡੀ ਨੇ ਦਿੱਲੀ, ਚੰਡੀਗੜ੍ਹ, ਪੰਜਾਬ ਅਤੇ ਹਿਮਾਚਲ ਦੇ ਕਾਂਗੜਾ, ਊਨਾ, ਸ਼ਿਮਲਾ, ਮੰਡੀ ਅਤੇ ਕੁੱਲੂ ਜ਼ਿਲ੍ਹਿਆਂ 'ਚ 20 ਥਾਵਾਂ 'ਤੇ ਛਾਪੇਮਾਰੀ ਦੌਰਾਨ 88 ਲੱਖ ਰੁਪਏ ਦੀ ਨਕਦੀ, 4 ਬੈਂਕ ਲਾਕਰ ਅਤੇ 140 ਬੈਂਕ ਖਾਤਿਆਂ ਦਾ ਰਿਕਾਰਡ ਮਿਲਿਆ ਹੈ। ਇਸ ਤੋਂ ਇਲਾਵਾ ਈਡੀ ਨੇ ਮੋਬਾਇਲ ਫੋਨ, ਆਈਪੈਡ, ਹਾਰਡ ਡਿਸਕ ਅਤੇ ਪੈਨ ਡਰਾਈਵ ਦੇ ਰੂਪ ਵਿਚ 16 ਡਿਜੀਟਲ ਉਪਕਰਣਾਂ ਤੋਂ ਇਲਾਵਾ ਕਈ ਅਚੱਲ ਅਤੇ ਚੱਲ ਜਾਇਦਾਦਾਂ, ਖਾਤੇ ਅਤੇ ਹੋਰ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। ਇਨ੍ਹਾਂ ਵਿਚ ਏਬੀ-ਪੀਐੱਮਜੇਏਵਾਈ, ਹਿਮਕੇਅਰ ਅਤੇ ਹੋਰ ਸਿਹਤ ਸਕੀਮਾਂ ਨਾਲ ਸਬੰਧਤ ਦਾਅਵਿਆਂ ਅਤੇ ਦਸਤਾਵੇਜ਼ਾਂ ਨਾਲ ਸਬੰਧਤ ਰਿਕਾਰਡ ਸ਼ਾਮਲ ਹਨ। ਈਡੀ ਨੇ ਛਾਪੇਮਾਰੀ ਦੇ 2 ਦਿਨ ਬਾਅਦ ਇਹ ਖੁਲਾਸਾ ਕੀਤਾ ਹੈ। ਇਸ ਤਹਿਤ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਵਿਚ ਹਸਪਤਾਲਾਂ ਦੇ ਦਾਅਵਿਆਂ ਦੀ ਜਾਣਕਾਰੀ ਹੈ ਅਤੇ ਇਸ ਵਿਚ 23 ਹਜ਼ਾਰ ਮਰੀਜ਼ਾਂ ਦੇ 21 ਕਰੋੜ ਰੁਪਏ ਦੇ ਸ਼ੱਕੀ ਲੈਣ-ਦੇਣ ਸ਼ਾਮਲ ਹਨ। ਖੋਜ ਵਿਚ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿਨ੍ਹਾਂ ਵਿਚ ਸਰਕਾਰ ਵੱਲੋਂ ਕੀਤੇ ਗਏ ਦਾਅਵਿਆਂ ਅਤੇ ਹਸਪਤਾਲ ਦੀਆਂ ਫਾਈਲਾਂ ਵਿਚ ਮੌਜੂਦ ਅਸਲ ਅੰਕੜਿਆਂ ਵਿਚ ਬਹੁਤ ਅੰਤਰ ਸੀ। ਇਹ ਵੀ ਪਤਾ ਲੱਗਾ ਕਿ ਮਰੀਜ਼ਾਂ ਦੇ ਨਾਂ 'ਤੇ ਕੀਤੇ ਗਏ ਦਾਅਵਿਆਂ ਨਾਲ ਸਬੰਧਤ ਕਈ ਫਾਈਲਾਂ ਗਾਇਬ ਹੋ ਗਈਆਂ ਹਨ।
ਈਡੀ ਨੇ ਸਟੇਟ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਊਨਾ ਵੱਲੋਂ ਦਰਜ ਕਰਵਾਈ ਐੱਫਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ। ਇਹ ਪਤਾ ਲੱਗਾ ਹੈ ਕਿ ਬਾਂਕੇ ਬਿਹਾਰੀ ਹਸਪਤਾਲ ਤੋਂ ਇਲਾਵਾ, ਸ਼੍ਰੀ ਬਾਲਾਜੀ ਹਸਪਤਾਲ, ਸੂਦ ਨਰਸਿੰਗ ਹੋਮ, ਫੋਰਟਿਸ ਹਸਪਤਾਲ ਅਤੇ ਸ਼੍ਰੀ ਹਰੀਹਰ ਹਸਪਤਾਲ ਆਦਿ ਨੇ ਏਬੀ-ਪੀਐੱਮਜੇਏਵਾਈ ਦਾ ਲਾਭ ਲਿਆ। ਜਾਂਚ ਦੌਰਾਨ 373 ਜਾਅਲੀ ਆਯੂਸ਼ਮਾਨ ਕਾਰਡਾਂ ਦੀ ਪਛਾਣ ਕੀਤੀ ਗਈ ਹੈ, ਜਿਸ ਵਿਚ ਉਕਤ ਆਯੁਸ਼ਮਾਨ ਕਾਰਡ ਲਾਭਪਾਤਰੀਆਂ ਨੂੰ ਇਲਾਜ ਦੇ ਨਾਂ 'ਤੇ ਸਰਕਾਰ ਤੋਂ ਅਦਾਇਗੀ ਲਈ 40.68 ਲੱਖ ਰੁਪਏ (ਲਗਭਗ) ਦੇ ਦਾਅਵੇ ਕੀਤੇ ਗਏ ਸਨ। ਅਜਿਹੇ ਜਾਅਲੀ ਲਾਭਪਾਤਰੀਆਂ ਦੀ ਸੂਚੀ ਵਿਚ ਰਜਨੀਸ਼ ਕੁਮਾਰ ਅਤੇ ਪੂਜਾ ਧੀਮਾਨ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੇ ਤਸਦੀਕ ਕਰਨ 'ਤੇ ਅਜਿਹਾ ਕੋਈ ਪੀਐੱਮਜੇਏਵਾਈ ਕਾਰਡ ਹੋਣ ਜਾਂ ਇਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਸ ਨੇ ਉਪਰੋਕਤ ਹਸਪਤਾਲਾਂ ਵਿੱਚੋਂ ਕਿਸੇ ਵੀ ਹਸਪਤਾਲ ਵਿਚ ਅਜਿਹਾ ਕੋਈ ਇਲਾਜ ਨਹੀਂ ਕਰਵਾਇਆ।
ਇਨ੍ਹਾਂ ਹਸਪਤਾਲਾਂ 'ਚ ਕੀਤੀ ਗਈ ਸੀ ਛਾਪੇਮਾਰੀ
ਈਡੀ ਨੇ ਕੱਲ੍ਹ ਸ਼੍ਰੀ ਬਾਂਕੇ ਬਿਹਾਰੀ ਹਸਪਤਾਲ, ਫੋਰਟਿਸ ਹਸਪਤਾਲ ਹਿਮਾਚਲ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਸਿਟੀ ਸੁਪਰ ਸਪੈਸ਼ਲਿਟੀ ਹਸਪਤਾਲ, ਸ਼੍ਰੀ ਬਾਲਾਜੀ ਹਸਪਤਾਲ, ਸ਼੍ਰੀ ਹਰੀਹਰ ਹਸਪਤਾਲ, ਸੂਦ ਨਰਸਿੰਗ ਹੋਮ, ਨੀਲਕੰਠ ਹਸਪਤਾਲ ਦੇ ਨਾਲ-ਨਾਲ ਇਨ੍ਹਾਂ ਨਿੱਜੀ ਸਿਹਤ ਸੰਸਥਾਵਾਂ ਦੇ ਕਰਮਚਾਰੀਆਂ ਦੇ ਰਿਹਾਇਸ਼ੀ ਸਥਾਨਾਂ ਦੀ ਵੀ ਤਲਾਸ਼ੀ ਲਈ ਸੀ।
ਅਪਰਾਧ ਦੀ ਆਮਦਨ 25 ਕਰੋੜ ਰੁਪਏ ਦੇ ਆਸਪਾਸ
ਈਡੀ ਮੁਤਾਬਕ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਏ ਤੱਥਾਂ ਮੁਤਾਬਕ ਇਸ ਮਾਮਲੇ ਵਿਚ ਅਪਰਾਧ ਦੀ ਕਮਾਈ 25 ਕਰੋੜ ਰੁਪਏ ਦੇ ਕਰੀਬ ਹੈ। ਹਿਮਾਚਲ ਪ੍ਰਦੇਸ਼ ਵਿਚ ਹੁਣ ਤੱਕ 8937 ਆਯੁਸ਼ਮਾਨ ਭਾਰਤ ਗੋਲਡਨ ਕਾਰਡ ਏਬੀ-ਪੀਐੱਮਜੇਏਵਾਈ ਦੀ ਕਥਿਤ ਉਲੰਘਣਾਂ ਲਈ ਰੱਦ ਕੀਤੇ ਜਾ ਚੁੱਕੇ ਹਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਹਸਪਤਾਲਾਂ ਨੂੰ ਪ੍ਰਕਿਰਿਆਵਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਆਯੂਸ਼ਮਾਨ ਭਾਰਤ ਯੋਜਨਾ ਤੋਂ ਹਟਾ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8