ਡੀ. ਯੂ. ਦੇ 85 ਫੀਸਦੀ ਵਿਦਿਆਰਥੀ ਆਨਲਾਈਨ ਪ੍ਰੀਖਿਆ ਦੇਣ ਦੀ ਹਾਲਤ ''ਚ ਨਹੀਂ : ਸਰਵੇ

Tuesday, May 26, 2020 - 02:21 PM (IST)

ਡੀ. ਯੂ. ਦੇ 85 ਫੀਸਦੀ ਵਿਦਿਆਰਥੀ ਆਨਲਾਈਨ ਪ੍ਰੀਖਿਆ ਦੇਣ ਦੀ ਹਾਲਤ ''ਚ ਨਹੀਂ : ਸਰਵੇ

ਨਵੀਂ ਦਿੱਲੀ (ਵਾਰਤਾ)— ਦਿੱਲੀ ਯੂਨੀਵਰਸਿਟੀ (ਡੀ. ਯੂ.) ਦੇ 85 ਫੀਸਦੀ ਵਿਦਿਆਰਥੀ ਕੋਰੋਨਾ ਦੀ ਆਫਤ 'ਚ ਆਨਲਾਈਨ ਪ੍ਰੀਖਿਆ ਦੇਣ ਦੀ ਸਥਿਤੀ ਵਿਚ ਨਹੀਂ ਹਨ, ਕਿਉਂਕਿ ਉਨ੍ਹਾਂ ਕੋਲ ਲੈਪਟਾਪ, ਫੋਨ ਜਾਂ ਇੰਟਰਨੈੱਟ ਨਹੀਂ ਹਨ। ਜੇਕਰ ਹੈ ਤਾਂ ਉਹ ਦੂਰ-ਦੁਰਾਡੇ ਇਲਾਕਿਆਂ 'ਚ ਕਈ ਵਾਰ ਨੈੱਟ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦਾ। ਦਿੱਲੀ ਯੂਨੀਵਰਸਿਟੀ ਅਧਿਆਪਕ ਯੂਨੀਅਨ ਵਲੋਂ 48 ਘੰਟਿਆਂ ਦੇ ਅੰਦਰ ਕਰਵਾਏ ਗਏ ਇਕ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ। 

ਇਸ ਸਰਵੇਖਣ ਵਿਚ 51 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਅਧਿਆਪਕ ਯੂਨੀਅਨ ਦੇ ਪ੍ਰਧਾਨ ਰਾਜੀਵ ਰਾਏ, ਸਕੱਤਰ ਰਾਜਿੰਦਰ ਸਿੰਘ, ਆਭਾ ਦੇਵ ਹਬੀਬ, ਅਲੋਕ ਰੰਜਨ ਪਾਂਡੇ ਅਤੇ ਪ੍ਰੇਮਚੰਦ ਨੇ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਇਸ ਸਰਵੇਖਣ ਦੇ ਸਿੱਟਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਕੋਰੋਨਾ ਮਹਾਮਾਰੀ ਕਾਰਨ ਮੌਜੂਦਾ ਸਥਿਤੀ 'ਚ 90 ਫੀਸਦੀ ਵਿਦਿਆਰਥੀ ਪ੍ਰੀਖਿਆ ਦੇਣ ਦੀ ਮਾਨਸਿਕ ਸਥਿਤੀ ਵਿਚ ਹੀ ਨਹੀਂ ਹਨ। 50 ਫੀਸਦੀ ਵਿਦਿਆਰਥੀ ਦਿੱਲੀ ਤੋਂ ਬਾਹਰ ਦੇ ਹਨ ਅਤੇ ਉਹ ਸਮੈਸਟਰ ਬਰੇਕ ਵਿਚ ਹੀ ਘਰ ਚਲੇ ਗਏ ਸਨ। ਉਨ੍ਹਾਂ ਕੋਲ ਕਿਤਾਬਾਂ ਨਹੀਂ, ਟੈਕਸਟ ਜਾਂ ਈ-ਸਮੱਗਰੀ ਨਹੀਂ ਹੈ। ਤਾਲਾਬੰਦੀ ਕਾਰਨ ਉਹ ਫਸ ਗਏ ਅਤੇ ਵਾਪਸ ਆਉਣ ਦੀ ਸਥਿਤੀ ਵਿਚ ਵੀ ਨਹੀਂ ਹਨ। ਸਾਰਿਆਂ ਕੋਲ ਮੋਬਾਇਲ ਫੋਨ ਨਹੀਂ ਹਨ ਅਤੇ ਹੈ ਤਾਂ ਸਾਰਿਆਂ ਕੋਲ ਵਾਈ-ਫਾਈ ਜਾਂ ਡਾਟਾ ਤੋਂ ਨੈੱਟ ਦੀ ਸਹੂਲਤ ਨਹੀਂ ਹੈ। ਅਜਿਹੇ ਵਿਚ ਸਾਰੇ ਵਿਦਿਆਰਥੀ ਆਨਲਾਈਨ ਪ੍ਰੀਖਿਆ ਨਹੀਂ ਦੇ ਸਕਦੇ। 

ਇਸ ਸਰਵੇਖਣ ਵਿਚ 92 ਫੀਸਦੀ ਵਿਦਿਆਰਥੀ ਬੀ.ਏ. ਪੱਧਰ ਦੇ ਹਨ, 7.8 ਫੀਸਦੀ ਪੋਸਟ ਗਰੈਜੂਏਟ ਪੱਧਰ ਦੇ ਹਨ। ਸਰਵੇਖਣ 'ਚ 86.8 ਫੀਸਦੀ ਨਿਯਮਿਤ ਵਿਦਿਆਰਥੀ ਹਨ, 8 ਫੀਸਦੀ ਪੱਤਰ-ਵਿਹਾਰ ਦੇ ਹਨ, 5.2 ਫੀਸਦੀ ਵਿਦਿਆਰਥੀ ਨੋਨ ਕਾਲਜੀਏਟ ਹਨ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਨਲਾਈਨ ਪ੍ਰੀਖਿਆ ਕਰਨ ਦਾ ਫੈਸਲਾ ਕਰਨ ਤੋਂ ਪਹਿਲਾਂ ਨਾ ਅਧਿਆਪਕ, ਨਾ ਵਿਦਿਆਰਥੀਆਂ ਅਤੇ ਨਾ ਹੀ ਦਿਵਯਾਂਗ ਵਿਦਿਆਰਥੀਆਂ ਨਾਲ ਕੋਈ ਸਲਾਹ-ਮਸ਼ਵਰਾ ਕੀਤਾ। ਇਨ੍ਹਾਂ ਅਧਿਆਪਕ ਨੇਤਾਵਾਂ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ ਦੇ ਸਾਹਮਣੇ ਚੁੱਕਣਗੇ ਅਤੇ ਯੂਨੀਵਰਸਿਟੀ ਦੇ ਵਿਜ਼ੀਟਰ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਸਾਹਮਣੇ ਰੱਖਣਗੇ।


author

Tanu

Content Editor

Related News