ਨਾਗਾਲੈਂਡ ''ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਨਾਲ ਔਰਤ ਸਮੇਤ 6 ਲੋਕਾਂ ਦੀ ਮੌਤ
Wednesday, Sep 04, 2024 - 11:11 PM (IST)
ਕੋਹਿਮਾ: ਨਾਗਾਲੈਂਡ ਦੇ ਚੁਮੌਕੇਦੀਮਾ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਮਹੱਤਵਪੂਰਨ ਰਾਸ਼ਟਰੀ ਰਾਜਮਾਰਗ-29 ਦਾ ਵੱਡਾ ਹਿੱਸਾ ਰੁੜ੍ਹ ਗਿਆ ਤੇ ਇਸ ਦੇ ਨਾਲ ਹੀ ਇੱਕ ਔਰਤ ਸਮੇਤ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ,। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਆਫਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਫਰੀਮਾ ਪਿੰਡ 'ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਛੇ ਘਰ ਢਹਿ ਗਏ, ਉਨ੍ਹਾਂ ਵਿਚ ਰਹਿੰਦੇ ਛੇ ਲੋਕਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਮੁਤਾਬਕ ਜ਼ਮੀਨ ਖਿਸਕਣ ਨਾਲ ਫੇਰੀਮਾ ਅਤੇ ਪਗਲਾ ਪਹਾੜੀਆਂ ਵਿੱਚ NH-29 ਦਾ ਇੱਕ ਵੱਡਾ ਹਿੱਸਾ ਵੀ ਰੁੜ ਗਿਆ, ਜਿਸ ਨਾਲ ਰਾਜ ਦੇ ਵਪਾਰਕ ਕੇਂਦਰ ਦੀਮਾਪੁਰ ਅਤੇ ਰਾਜਧਾਨੀ ਕੋਹਿਮਾ ਵਿਚਕਾਰ ਸੜਕ ਸੰਪਰਕ ਟੁੱਟ ਗਿਆ। ਮੁੱਖ ਮੰਤਰੀ ਨੀਫਿਉ ਰੀਓ ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਇੱਕ ਮੀਟਿੰਗ ਬੁਲਾਈ ਅਤੇ NH-29 'ਤੇ ਤਬਾਹੀ ਦੀ ਸਥਿਤੀ ਦਾ ਜਾਇਜ਼ਾ ਲਿਆ ਜਿਸ ਦੇ ਨਤੀਜੇ ਵਜੋਂ ਛੇ ਲੋਕ ਮਾਰੇ ਗਏ ਹਨ, ਮੈਂ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਗਹਿਰੀ ਹਮਦਰਦੀ ਵਿਅਕਤ ਕਰਦਾ ਹਾਂ।
ਇੱਕ ਹੋਰ ਪੋਸਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਲਗਾਤਾਰ ਮੀਂਹ ਕਾਰਨ NH-29 ‘ਤੇ ਵੱਡੇ ਪੱਧਰ ‘ਤੇ ਤਬਾਹੀ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਹਾਂ। ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੌਕੇ 'ਤੇ ਮੌਜੂਦ ਹਨ। ਰਾਜ ਸਰਕਾਰ ਜਲਦੀ ਤੋਂ ਜਲਦੀ ਹਾਲਾਤਾਂ ਨੂੰ ਆਮ ਕਰਨ ਲਈ ਉਪਾਅ ਕਰਨ ਦੇ ਲਈ ਭਾਰਤ ਸਰਕਾਰ ਅਤੇ NHIDCL (ਨੈਸ਼ਨਲ ਹਾਈਵੇਜ਼ ਐਂਡ ਇਨਫਰਾਸਟਰੱਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ) ਨਾਲ ਗੱਲਬਾਤ ਜਾਰੀ ਰੱਖੇਗੀ।