‘ਭਾਰਤ ਜੋੜੋ ਯਾਤਰਾ’ ਵਿਚਾਲੇ ਕਾਂਗਰਸ ਨੂੰ ਜ਼ੋਰਦਾਰ ਝਟਕਾ, ਇਕੱਠੇ 52 ਨੇਤਾਵਾਂ ਨੇ ਦਿੱਤਾ ਅਸਤੀਫਾ

Friday, Dec 30, 2022 - 12:35 PM (IST)

‘ਭਾਰਤ ਜੋੜੋ ਯਾਤਰਾ’ ਵਿਚਾਲੇ ਕਾਂਗਰਸ ਨੂੰ ਜ਼ੋਰਦਾਰ ਝਟਕਾ, ਇਕੱਠੇ 52 ਨੇਤਾਵਾਂ ਨੇ ਦਿੱਤਾ ਅਸਤੀਫਾ

ਬਲੀਆ (ਭਾਸ਼ਾ)– ‘ਭਾਰਤ ਜੋੜੋ ਯਾਤਰਾ’ ਵਿਚਾਲੇ ਕਾਂਗਰਸ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ’ਚ ਸਥਿਤ ਬੈਰੀਆ ਖੇਤਰ ਦੇ ਕਾਂਗਰਸੀ ਅਹੁਦੇਦਾਰਾਂ ਸਮੇਤ 52 ਨੇਤਾਵਾਂ ਨੇ ਕਾਂਗਰਸ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਸੂਬਾ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਸੀ. ਬੀ. ਮਿਸ਼ਰਾ ਨੇ ਜ਼ਿਲੇ ਦੇ ਬੈਰੀਆ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਉਨ੍ਹਾਂ ਸਮੇਤ ਕਾਂਗਰਸ ਦੇ 52 ਅਹੁਦੇਦਾਰਾਂ ਨੇ ਬੁੱਧਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰੀ ਤੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣੇ ਇਸ ਫੈਸਲੇ ਦੀ ਜਾਣਕਾਰੀ ਬੁੱਧਵਾਰ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਦਿੱਤੀ। ਅਸਤੀਫਾ ਦੇਣ ਵਾਲਿਆਂ ਵਿਚ ਕਾਂਗਰਸ ਦੇ ਜ਼ਿਲਾ ਸਕੱਤਰ ਦਵੇ ਰਣਜੀਤ ਪਾਠਕ ਤੇ ਰਜਨੀ ਕਾਂਤ ਤਿਵਾੜੀ, ਪਾਰਟੀ ਦੇ ਮੁਰਲੀ ਛਪਰਾ ਬਲਾਕ ਦੇ ਪ੍ਰਧਾਨ ਡਾ. ਵਿਸ਼ਵਕਰਮਾ ਸ਼ਰਮਾ ਤੇ ਬੈਰੀਆ ਦੇ ਨਗਰ ਪ੍ਰਧਾਨ ਸੰਤੋਸ਼ ਕੁਮਾਰ ਸਿੰਘ ਸ਼ਾਮਲ ਹਨ।

ਮਿਸ਼ਰਾ ਨੇ ਦੱਸਿਆ ਕਿ ਸੈਂਟਰਲ ਬੈਂਕ ਦੇ ਰੀਜਨਲ ਮੈਨੇਜਰ ਅਹੁਦੇ ਤੋਂ ਸੇਵਾਮੁਕਤ ਹੋਣ ਪਿੱਛੋਂ ਅਸੀਂ 10 ਸਾਲ ਪਹਿਲਾਂ ਕਾਂਗਰਸ ਦੀ ਮੈਂਬਰੀ ਲਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ’ਚ ਸਮਰਪਿਤ ਤੇ ਵਫਾਦਾਰ ਲੋਕਾਂ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਤਕ ਆਪਣੀ ਗੱਲ ਰੱਖੀ ਪਰ ਸਾਡੀਆਂ ਗੱਲਾਂ ਲਗਾਤਾਰ ਅਣਸੁਣੀਆਂ ਕੀਤੀਆਂ ਗਈਆਂ।


author

Rakesh

Content Editor

Related News