ਘਰ 'ਚ ਪਰਿਵਾਰ ਵਾਲਿਆਂ ਨੂੰ ਸੁਪਾਰੀ ਖਾਂਦੇ ਦੇਖ 5 ਸਾਲ ਦੀ ਬੱਚੀ ਵੀ ਹੋਈ 'ਨਸ਼ੇ ਦੀ ਆਦੀ', ਹੋਇਆ ਕੈਂਸਰ
Friday, May 13, 2022 - 12:07 PM (IST)
ਨਵੀਂ ਦਿੱਲੀ- ਬੱਚੀ ਲਈ ਉਸ ਦੇ ਪਰਿਵਾਰ ਵਾਲਿਆਂ ਵਲੋਂ ਸੁਪਾਰੀ ਖਾਣ ਦੀ ਆਦਤ ਬੇਹੱਦ ਖ਼ਤਰਨਾਕ ਸਾਬਿਤ ਹੋਈ ਹੈ। ਦਰਅਸਲ ਪਰਿਵਾਰ ਵਾਲਿਆਂ ਨੂੰ ਦੇਖ ਕੇ ਉਹ ਵੀ ਸੁਪਾਰੀ ਖਾਣ ਦੀ ਇੰਨੀ ਆਦੀ ਹੋ ਗਈ ਕਿ ਉਸ ਨੂੰ ਮੂੰਹ ਦਾ ਕੈਂਸਰ ਹੋ ਗਿਆ। 5 ਸਾਲ ਦੀ ਮਾਸੂਮ ਦਾ ਇਲਾਜ ਹੁਣ ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਚੱਲ ਰਿਹਾ ਹੈ। ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਾਸੂਮ ਰੀਨਾ ਦਾ ਇਲਾਜ ਕਰ ਰਹੀ ਮੌਲਾਨਾ ਆਜ਼ਾਦ ਡੈਂਟਲ ਕਾਲਜ ਦੀ ਓਰਲ ਮੈਡੀਸਿਨ ਐਂਡ ਰੇਡੀਓਲਾਜੀ ਸਕੀ ਪ੍ਰਮੁੱਖ ਡਾ. ਸੁਨੀਤਾ ਗੁਪਤਾ ਨੇ ਦੱਸਿਆ ਕਿ ਰੀਨਾ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਸੁਪਾਰੀ ਕੱਟ ਕੇ ਰੱਖ ਦਿੰਦੇ ਸਨ ਅਤੇ ਆਉਂਦੇ-ਜਾਂਦੇ ਚੁੱਕ ਕੇ ਖਾ ਲੈਂਦੇ ਸੀ, ਜਿਸ ਨੂੰ ਦੇਖ ਕੇ ਬੱਚੀ ਵੀ ਅਜਿਹਾ ਕਰਨ ਲੱਗੀ। ਪਰਿਵਾਰ ਵਾਲਿਆਂ ਨੂੰ ਦੇਖ ਰੀਨਾ ਨੇ ਵੀ ਸੁਪਾਰੀ ਖਾਣਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਅੰਦਰ ਹੀ ਉਹ ਸੁਪਾਰੀ ਦੀ ਆਦੀ ਹੋ ਗਈ।
ਲਗਾਤਾਰ ਸੁਪਾਰੀ ਖਾਣ ਕਾਰਨ ਰੀਨਾ ਨੇ ਦੁੱਧ ਤੱਕ ਪੀਣਾ ਬੰਦ ਕਰ ਦਿੱਤਾ ਅਤੇ ਫਿਰ ਇਸ ਤੋਂ ਬਾਅਦ ਉਸ ਨੇ ਖਾਣਾ ਵੀ ਛੱਡ ਦਿੱਤਾ। ਇੱਥੇ ਤੱਕ ਕਿ ਉਸ ਦਾ ਮੂੰਹ ਖੁੱਲ੍ਹਣਾ ਬੰਦ ਹੋ ਗਿਆ ਸੀ। ਜਾਂਚ 'ਚ ਪਤਾ ਲੱਗਾ ਕਿ ਰੀਨਾ ਨੂੰ ਫਰਸਟ ਸਟੇਜ ਦਾ ਕੈਂਸਰ ਹੋ ਗਿਆ ਹੈ। ਉੱਥੇ ਹੀ ਇਸ ਤੋਂ ਪਹਿਲਾਂ ਪਰਿਵਾਰ ਵਾਲੇ ਇਲਾਜ ਦੀ ਬਜਾਏ ਝਾੜ-ਫੂਕ ਕਰਵਾਉਣ 'ਚ ਸਮਾਂ ਬਰਬਾਦ ਕਰਦੇ ਰਹੇ। ਡਾ. ਸੁਨੀਤਾ ਨੇ ਦੱਸਿਆ ਕਿ ਪਰਿਵਾਰ ਵਾਲੇ ਇਹ ਗੱਲ ਮੰਨਣ ਲਈ ਰਾਜੀ ਹੀ ਨਹੀਂ ਸੀ ਕਿ ਬੱਚੀ ਨੂੰ ਕੈਂਸਰ ਹੋ ਗਿਆ ਹੈ। ਪਰਿਵਾਰ ਦਾ ਦਾਅਵਾ ਸੀ ਕਿ ਝਾੜ-ਫੂਕ ਤੋਂ ਬਾਅਦ ਉਸ ਦਾ ਮੂੰਹ ਖੁੱਲ੍ਹਣ ਲੱਗੇਗਾ। ਅਜਿਹੇ 'ਚ ਪਰਿਵਾਰ ਵਾਲੇ ਰੀਨਾ ਨੂੰ ਲੈ ਕੇ ਚਲੇ ਗਏ। ਕੁਝ ਦਿਨਾਂ ਬਾਅਦ ਹੀ ਰੀਨਾ ਦੀ ਹਾਲਤ ਜ਼ਿਆਦਾ ਨਾਜ਼ੁਕ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵਾਲੇ ਮੁੜ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਲੈ ਕੇ ਆਏ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ