ਫੁੱਟਪਾਥ 'ਤੇ ਸੁੱਤੇ ਪਏ 5 ਲੋਕਾਂ ਨੂੰ ਟਰੱਕ ਨੇ ਦਰੜਿਆ; 3 ਦੀ ਮੌਤ, ਡਰਾਈਵਰ ਵਾਹਨ ਛੱਡ ਹੋਇਆ ਫ਼ਰਾਰ

Monday, Aug 26, 2024 - 10:49 PM (IST)

ਨਵੀਂ ਦਿੱਲੀ (ਭਾਸ਼ਾ) : ਸੋਮਵਾਰ ਤੜਕੇ ਉੱਤਰ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ ਵਿਚ ਇਕ ਕੈਂਟਰ ਟਰੱਕ ਨੇ ਕਥਿਤ ਤੌਰ 'ਤੇ ਫੁੱਟਪਾਥ 'ਤੇ ਸੁੱਤੇ ਪਏ 5 ਲੋਕਾਂ ਨੂੰ ਕੁਚਲ ਦਿੱਤਾ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਸ ਨੇ ਦੱਸਿਆ ਕਿ ਕਥਿਤ ਘਟਨਾ ਸ਼ਾਸਤਰੀ ਪਾਰਕ ਮੈਟਰੋ ਸਟੇਸ਼ਨ ਨੇੜੇ ਤਰਬੂਜ਼ ਬਾਜ਼ਾਰ 'ਚ ਸਵੇਰੇ 4.30 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਲੋਕ ਬੇਘਰ ਸਨ ਅਤੇ ਫੁੱਟਪਾਥ 'ਤੇ ਸੌਂ ਰਹੇ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਇਕ ਮਾਲ ਨਾਲ ਲੱਦਿਆ ਟਰੱਕ ਸੀਲਮਪੁਰ ਤੋਂ ਆਇਰਨ ਬ੍ਰਿਜ ਵੱਲ ਆ ਰਿਹਾ ਸੀ, ਜਿਹੜਾ ਪੁਲ ਵਿਚਾਲੇ ਡਿਵਾਈਡਰ 'ਤੇ ਚੜ੍ਹ ਗਿਆ ਅਤੇ ਉਸ ਨੇ ਫੁੱਟਪਾਥ 'ਤੇ ਸੁੱਤੇ ਪਏ 5 ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ ਲਿਜਾਇਆ ਗਿਆ ਜਿੱਥੇ 3 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਨ੍ਹਾਂ ਵਿੱਚੋਂ ਇਕ ਦੀ ਪਛਾਣ ਮੁਹੰਮਦ ਜ਼ਾਕਿਰ (35) ਵਾਸੀ ਕਟਿਹਾਰ, ਬਿਹਾਰ ਵਜੋਂ ਹੋਈ ਹੈ, ਜੋ ਇੱਥੇ ਮਜ਼ਦੂਰ ਵਜੋਂ ਕੰਮ ਕਰਦਾ ਸੀ। ਇਲਾਕਾ ਨਿਵਾਸੀਆਂ ਮੁਤਾਬਕ ਉਹ ਅਕਸਰ ਉਸੇ ਫੁੱਟਪਾਥ 'ਤੇ ਸੌਂਦਾ ਸੀ। ਬਾਕੀ 2 ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਅਧਿਕਾਰੀ ਨੇ ਦੱਸਿਆ ਕਿ 2 ਜ਼ਖਮੀ ਮੁਸ਼ਤਾਕ (35) ਅਤੇ ਕਮਲੇਸ਼ (36) ਨੂੰ ਜੀਟੀਬੀ ਹਸਪਤਾਲ ਲਿਜਾਇਆ ਗਿਆ। ਨੇੜੇ ਦੀ ਝੌਂਪੜੀ 'ਚ ਸੌਂ ਰਹੇ ਜ਼ੈਨੁਲ ਨੇ ਦੱਸਿਆ ਕਿ ਉਹ ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚ ਗਿਆ। ਉਸ ਨੇ ਦੱਸਿਆ, ''ਜਦੋਂ ਮੈਂ ਮੌਕੇ 'ਤੇ ਪਹੁੰਚਿਆ ਤਾਂ ਮੁਸਤਫ਼ਾ ਦਰਦ ਨਾਲ ਤੜਫ਼ ਰਿਹਾ ਸੀ। ਪੁਲਸ ਅੱਧੇ ਘੰਟੇ ਬਾਅਦ ਪਹੁੰਚੀ ਅਤੇ ਐਂਬੂਲੈਂਸ ਬਾਅਦ ਵਿਚ ਆਈ। ਉਸ ਨੇ ਜ਼ਖਮੀਆਂ ਨੂੰ ਚੁੱਕਣ ਅਤੇ ਹਸਪਤਾਲ ਪਹੁੰਚਾਉਣ ਵਿਚ ਪੁਲਸ ਦੀ ਮਦਦ ਕੀਤੀ। ਕੋਈ ਹੋਰ ਮਦਦ ਲਈ ਅੱਗੇ ਨਹੀਂ ਆਇਆ।” ਮ੍ਰਿਤਕਾਂ ਵਿੱਚੋਂ ਇਕ ਦਾ ਹਵਾਲਾ ਦਿੰਦੇ ਹੋਏ ਸਥਾਨਕ ਨਿਵਾਸੀ ਸੰਨੀ ਨੇ ਪੀਟੀਆਈ ਨੂੰ ਦੱਸਿਆ, “ਮੈਨੂੰ ਉਸ ਦਾ ਨਾਂ ਨਹੀਂ ਪਤਾ, ਪਰ ਅਸੀਂ ਉਸ ਨੂੰ ਬਹਾਦਰ ਕਹਿੰਦੇ ਹਾਂ। ਉਹ ਸੜਕ ਕਿਨਾਰੇ ਕਰਿਆਨੇ ਅਤੇ ਸਿਗਰਟ ਦੀ ਦੁਕਾਨ ਚਲਾਉਂਦਾ ਸੀ।”

ਡਿਪਟੀ ਕਮਿਸ਼ਨਰ ਆਫ ਪੁਲਸ (ਉੱਤਰ-ਪੂਰਬੀ) ਜੋਏ ਟਿਰਕੀ ਨੇ ਕਿਹਾ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 281 (ਲਾਪਰਵਾਹੀ ਨਾਲ ਗੱਡੀ ਚਲਾਉਣਾ), 125ਏ (ਦੂਜਿਆਂ ਦੀ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣਾ) ਅਤੇ 106 (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰ ਨੂੰ ਫੜਨ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਦੋ ਹੋਰ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Sandeep Kumar

Content Editor

Related News