ਬਰਫ 'ਚ ਦੱਬਣ ਕਾਰਨ ITBP ਦੇ 5 ਜਵਾਨਾਂ ਦੀ ਮੌਤ, 1 ਲਾਪਤਾ
Wednesday, Feb 20, 2019 - 07:05 PM (IST)

ਕਿੰਨੌਰ— ਹਿਮਾਚਲ ਪ੍ਰਦੇਸ਼ ਦੀ ਕਿਨੌਰ-ਤਿੱਬਤ ਸਰਹੱਦ ’ਤੇ ਸ਼ਿਪਕਿਲਾ ਨੇੜੇ ਫੌਜ ਦੇ 6 ਜਵਾਨਾਂ ਦੀ ਗਲੇਸ਼ੀਅਰ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ, ਜਦਕਿ 2 ਜਵਾਨ ਲਾਪਤਾ ਦੱਸੇ ਜਾਂਦੇ ਹਨ। ਇਨ੍ਹਾਂ ਵਿਚੋਂ 5 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਕਿਨੌਰ ਗੋਪਾਲ ਚੰਦ ਨੇ ਦੱਸਿਆ ਕਿ ਅਜੇ ਮੌਕੇ ਤੋਂ ਪੁਸ਼ਟ ਖਬਰਾਂ ਨਹੀਂ ਮਿਲੀਆਂ ਕਿਉਂਕਿ ਸੰਪਰਕ ਸਾਧਨ ਠੱਪ ਪਏ ਹਨ। ਫਿਰ ਵੀ ਫੌਜ ਦੇ ਇਕ ਕਮਾਂਡਰ ਨਾਲ ਗੱਲਬਾਤ ਹੋਈ, ਉਸ ਆਧਾਰ ’ਤੇ ਪਤਾ ਲੱਗਾ ਹੈ ਕਿ ਬੁੱਧਵਾਰ ਸਵੇਰੇ 11 ਵਜੇ ਫੌਜ ਦੇ 16 ਜਵਾਨ ਨਮੱਗਿਆ ਤੋਂ ਸ਼ਿਪਕਿਲਾ ਨੇੜੇ ਸਥਿਤ ਪੀਣ ਵਾਲੇ ਪਾਣੀ ਦੀ ਇਕ ਪਾਈਪ ਨੂੰ ਠੀਕ ਕਰਨ ਲਈ ਨਿਕਲੇ ਸਨ।
ਇਸ ਦੌਰਾਨ ਅਚਾਨਕ ਪਹਾੜ ਤੋਂ ਗਲੇਸ਼ੀਅਰ ਡਿੱਗਣ ਕਾਰਨ 6 ਜਵਾਨ ਉਸ ਦੀ ਲਪੇਟ ਵਿਚ ਆ ਗਏ। ਇਕ ਜਵਾਨ ਨੂੰ ਜ਼ਖ਼ਮੀ ਹਾਲਤ ਵਿਚ ਬਚਾਅ ਲਿਆ ਗਿਆ ਪਰ ਹਸਪਤਾਲ ਪਹੁੰਚਦਿਆਂ ਉਸ ਦੀ ਮੌਤ ਹੋ ਗਈ। ਜ਼ਿਲਾ ਪ੍ਰਸ਼ਾਸਨ ਨੇ ਪੁਲਸ ਅਤੇ ਇੰਡੋ-ਤਿੱਬਤ ਬਾਰਡਰ ਪੁਲਸ ਦੀ 27ਵੀਂ ਬਟਾਲੀਅਨ ਦੇ ਜਵਾਨਾਂ ਨੂੰ ਮੌਕੇ ’ਤੇ ਭੇਜਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਏ. ਡੀ. ਐੱਮ. ਨੂੰ ਮੌਕੇ ’ਤੇ ਰਵਾਨਾ ਕਰ ਦਿੱਤਾ ਗਿਆ ਹੈ।