ਰਾਜਸਥਾਨ : ਅੰਗੀਠੀ ਦੇ ਧੂੰਏਂ ’ਚ ਦਮ ਘੁੱਟਣ ਕਾਰਨ ਵਾਪਰਿਆ ਵੱਡਾ ਹਾਦਸਾ, 5 ਦੀ ਮੌਤ

Monday, Jan 09, 2023 - 09:15 PM (IST)

ਰਾਜਸਥਾਨ : ਅੰਗੀਠੀ ਦੇ ਧੂੰਏਂ ’ਚ ਦਮ ਘੁੱਟਣ ਕਾਰਨ ਵਾਪਰਿਆ ਵੱਡਾ ਹਾਦਸਾ, 5 ਦੀ ਮੌਤ

ਸ੍ਰੀ ਗੰਗਾਨਗਰ/ਬੀਕਾਨੇਰ (ਯੂ. ਐੱਨ. ਆਈ./ਪ੍ਰੇਮ) : ਰਾਜਸਥਾਨ ’ਚ ਚੁਰੂ ਜ਼ਿਲੇ ਦੇ ਰਤਨਗੜ੍ਹ ਥਾਣਾ ਖੇਤਰ ਦੇ ਪਿੰਡ ਗੌਰੀਸਰ ਅਤੇ ਬੀਕਾਨੇਰ ’ਚ ਬੀਛਵਾਲ ਥਾਣਾ ਖੇਤਰ ’ਚ ਕਰਨੀ ਉਦਯੋਗਿਕ ਖੇਤਰ ’ਚ ਅੰਗੀਠੀ ਦੇ ਧੂੰਏਂ ਕਾਰਨ ਦਮ ਘੁੱਟਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਗੌਰੀਸਰ ’ਚ ਖੇਤ ’ਚ ਢਾਣੀ ਬਣਾ ਕੇ ਰਹਿਣ ਵਾਲਾ ਅਮਰਚੰਦ ਪ੍ਰਜਾਪਤ (60) ਅੱਜ ਸਵੇਰੇ ਕਰੀਬ 8 ਵਜੇ ਜਾਗਿਆ ਤਾਂ ਅਮਰਚੰਦ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਡਰਦਿਆਂ ਉਸ ਨੇ ਗੁਆਂਢੀ ਦੀ ਢਾਣੀ ’ਚ ਰਹਿਣ ਵਾਲਿਆਂ ਨੂੰ ਬੁਲਾਇਆ।

ਗੁਆਂਢੀਆਂ ਦੇ ਆਉਣ ’ਤੇ ਕਮਰੇ ਦੇ ਪਿੱਛੇ ਦੀ ਖਿੜਕੀ ਨੂੰ ਤੋੜ ਦਿੱਤਾ ਗਿਆ। ਕਮਰੇ ’ਚ ਅਮਰਚੰਦ ਦੀ ਪਤਨੀ ਸੋਨਾ ਦੇਵੀ (56), ਉਸ ਦੀ ਨੂੰਹ ਗਾਇਤਰੀ ਦੇਵੀ (36) ਅਤੇ ਪੋਤੀ ਤੇਜਸਵਿਨੀ ਸਾਢੇ ਤਿੰਨ ਸਾਲ ਦੀ ਕਮਰੇ ’ਚ ਮ੍ਰਿਤਕ ਪਈਆਂ ਸਨ, ਜਦੋਂ ਕਿ ਤਿੰਨ ਮਹੀਨਿਆਂ ਦਾ ਪੋਤਾ ਖੁਸ਼ੀਲਾਲ ਰੋ ਰਿਹਾ ਸੀ। ਕਾਹਲੀ ’ਚ ਖੁਸ਼ੀਲਾਲ ਨੂੰ ਰਤਨਗੜ੍ਹ ਹਸਪਤਾਲ ਪਹੁੰਚਾਇਆ ਗਿਆ।

ਪੁਲਸ ਦਾ ਕਹਿਣਾ ਹੈ ਕਿ ਠੰਡ ਤੋਂ ਬਚਣ ਲਈ ਸੱਸ ਅਤੇ ਨੂੰਹ ਰਾਤ ਨੂੰ ਕਮਰੇ ’ਚ ਅੰਗੀਠੀ ਬਾਲ ਕੇ ਸੁੱਤੀਆਂ ਸਨ। ਇਨ੍ਹਾਂ 3 ਦੀ ਮੌਤ ਸਾਹ ਘੁੱਟਣ ਕਾਰਨ ਹੋਈ ਹੈ। ਇਸੇ ਦੌਰਾਨ ਉਦਯੋਗਿਕ ਖੇਤਰ ’ਚ ਇਕ ਫੈਕਟਰੀ ’ਚ ਕੰਮ ਕਰਨ ਵਾਲਾ ਅਨਿਲ (40) ਅਤੇ ਉਸ ਦੀ ਪਤਨੀ ਪੂਰਨਿਮਾ (36) ਅੱਜ ਸਵੇਰੇ ਆਪਣੇ ਕਮਰੇ ’ਚ ਮ੍ਰਿਤਕ ਪਾਏ ਗਏ। ਬਿਹਾਰ ਮੂਲ ਦਾ ਇਹ ਜੋੜਾ ਵੀ ਠੰਡ ਤੋਂ ਬਚਣ ਲਈ ਰਾਤ ਨੂੰ ਕਮਰੇ ’ਚ ਅੰਗੀਠੀ ਬਾਲ ਕੇ ਸੁੱਤਾ ਹੋਇਆ ਸੀ।


author

Mandeep Singh

Content Editor

Related News