5 ਬਿਲੀਅਨ ਡਾਲਰ ਦੀ ਲਾਗਤ ਨਾਲ ਸ਼੍ਰੀਲੰਕਾ ਤੇ ਭਾਰਤ ਵਿਚਾਲੇ ਬਣੇਗੀ ਲਿੰਕ ਸੜਕ, ਹੋਵੇਗਾ ਵੱਡਾ ਫਾਇਦਾ

Monday, Oct 14, 2024 - 03:58 PM (IST)

ਨੈਸ਼ਨਲ ਡੈਸਕ : ਭਾਰਤ ਤੇ ਸ਼੍ਰੀਲੰਕਾ ਵਿਚਕਾਰ 5 ਬਿਲੀਅਨ ਡਾਲਰ ਦੀ ਲਾਗਤ ਨਾਲ ਇੱਕ ਮਹੱਤਵਪੂਰਨ ਸੜਕ ਅਤੇ ਰੇਲਵੇ ਲਿੰਕ ਬਣਾਉਣ ਲਈ ਵਿਚਾਰ-ਵਟਾਂਦਰੇ ਅੰਤਿਮ ਪੜਾਅ 'ਤੇ ਹਨ। ਇਹ ਜਾਣਕਾਰੀ ਸ੍ਰੀਲੰਕਾ ਦੇ ਵਾਤਾਵਰਨ ਸਕੱਤਰ ਪ੍ਰਭਾਤ ਚੰਦਰਕੀਰਥੀ ਨੇ ਦਿੱਤੀ। ਇਸ ਪ੍ਰੋਜੈਕਟ ਦਾ ਸਾਰਾ ਖਰਚਾ ਭਾਰਤ ਚੁੱਕੇਗਾ।

ਪ੍ਰਧਾਨ ਅਨੁਰਾ ਕੁਮਾਰ ਦਿਸਾਨਾਇਕ ਦੀ ਹਾਲੀਆ ਚੋਣ ਤੋਂ ਬਾਅਦ ਦੁਵੱਲੇ ਆਧਾਰ 'ਤੇ ਐਲਾਨ ਕੀਤਾ ਗਿਆ ਇਹ ਪਹਿਲਾ ਵੱਡਾ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ। ਇਸ ਦਾ ਉਦੇਸ਼ ਨਵੀਂ ਦਿੱਲੀ ਦੁਆਰਾ ਚੀਨ ਦੇ ਪ੍ਰਭਾਵ ਨੂੰ ਕੰਟਰੋਲ ਕਰਨਾ ਹੈ। ਭਾਰਤ ਸ਼੍ਰੀਲੰਕਾ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਵਿਦੇਸ਼ੀ ਪ੍ਰਤੱਖ ਨਿਵੇਸ਼ (FDI) ਦਾ ਵੱਡਾ ਯੋਗਦਾਨ ਵੀ ਹੈ। 2021 'ਚ ਸ਼੍ਰੀਲੰਕਾ 'ਚ ਭਾਰਤ ਦਾ ਨਿਵੇਸ਼ ਲਗਭਗ $142 ਮਿਲੀਅਨ ਸੀ।

ਵਾਤਾਵਰਨ ਸਕੱਤਰ ਨੇ ਕਿਹਾ ਕਿ ਪਿਛਲੇ ਮਹੀਨੇ ਮੈਂ ਨਵੀਂ ਦਿੱਲੀ 'ਚ ਇੱਕ ਮੀਟਿੰਗ ਵਿੱਚ ਸ਼ਾਮਲ ਹੋਇਆ ਸੀ ਅਤੇ ਅਸੀਂ ਭਾਰਤ ਵਿੱਚ ਰਾਮੇਸ਼ਵਰਮ ਅਤੇ ਸ਼੍ਰੀਲੰਕਾ ਵਿੱਚ ਤ੍ਰਿੰਕੋਮਾਲੀ ਵਿਚਕਾਰ ਸੜਕ ਅਤੇ ਰੇਲ ਸੰਪਰਕ ਸਥਾਪਤ ਕਰਨ ਜਾ ਰਹੇ ਹਾਂ। ਇਸ ਸੰਪਰਕ ਨਾਲ ਵਪਾਰ ਨੂੰ ਹੁਲਾਰਾ ਮਿਲੇਗਾ ਅਤੇ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਫਾਇਦਾ ਹੋਵੇਗਾ।

ਸ਼੍ਰੀਲੰਕਾ ਸਰਕਾਰ ਨੇ ਪ੍ਰਸਤਾਵਿਤ ਕੀਤਾ ਤੇ 2002 'ਚ ਭਾਰਤ 'ਚ ਰਾਮੇਸ਼ਵਰਮ ਤੇ ਸ਼੍ਰੀਲੰਕਾ ਦੇ ਮੰਨਾਰ ਟਾਪੂ 'ਚ ਤਲਾਈਮੰਨਾਰ ਵਿਚਕਾਰ ਇੱਕ ਜ਼ਮੀਨੀ ਪੁਲ ਬਣਾਉਣ ਲਈ ਇੱਕ ਸਮਝੌਤਾ ਕੀਤਾ ਗਿਆ ਸੀ। ਪਰ ਇਸ ਤੋਂ ਬਾਅਦ ਤਾਮਿਲਨਾਡੂ ਸਰਕਾਰ ਨੇ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ।

ਗੱਲਬਾਤ 2015 'ਚ ਦੁਬਾਰਾ ਸ਼ੁਰੂ ਹੋਈ, ਜਦੋਂ ਭਾਰਤ ਨੇ ਏਸ਼ੀਅਨ ਡਿਵੈਲਪਮੈਂਟ ਬੈਂਕ ਨੂੰ ਰਾਮੇਸ਼ਵਰਮ ਤੇ ਤਲਾਇਮਨਾਰ ਵਿਚਕਾਰ ਸੜਕ ਅਤੇ ਰੇਲ ਲਿੰਕ ਲਈ ਪੂਰਵ-ਵਪਾਰਕ ਅਧਿਐਨ ਕਰਨ ਦੀ ਬੇਨਤੀ ਕੀਤੀ। ਪਰ ਹੁਣ ਤ੍ਰਿੰਕੋਮਾਲੀ ਤੱਕ ਰੇਲਵੇ ਅਤੇ ਸੜਕ ਸੰਪਰਕ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।

ਫਿਲਹਾਲ ਸ਼੍ਰੀਲੰਕਾ ਅਤੇ ਭਾਰਤ ਵਿਚਕਾਰ ਕੋਈ ਸੜਕ ਜਾਂ ਰੇਲ ਸੰਪਰਕ ਨਹੀਂ ਹੈ। ਧਨੁਸ਼ਕੋਡੀ, ਭਾਰਤ 'ਚ ਇੱਕ ਰੇਲਵੇ ਸਟੇਸ਼ਨ ਸੀ, ਪਰ ਇਹ 1964 ਦੇ ਚੱਕਰਵਾਤ 'ਚ ਨੁਕਸਾਨਿਆ ਗਿਆ ਸੀ। 1966 ਤੱਕ ਤਲਾਇਮਨਾਰ ਅਤੇ ਧਨੁਸ਼ਕੋਡੀ ਵਿਚਕਾਰ ਇੱਕ ਛੋਟੀ ਕਿਸ਼ਤੀ ਸੇਵਾ ਸੀ।

ਚੰਦਰਕੀਰਥੀ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਲਾਗਤ ਦਾ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ। ਸਾਨੂੰ ਇਸ ਬਾਰੇ ਹੋਰ ਚਰਚਾ ਕਰਨੀ ਪਵੇਗੀ, ਪਰ ਇਹ $5 ਬਿਲੀਅਨ ਦੇ ਨੇੜੇ ਹੋਣ ਦਾ ਅਨੁਮਾਨ ਹੈ। ਸਾਰਾ ਖਰਚਾ ਭਾਰਤ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ। ਸਾਨੂੰ ਵਾਤਾਵਰਨ ਕਲੀਅਰੈਂਸ ਲਈ ਵੀ ਕੁਝ ਪ੍ਰਵਾਨਗੀਆਂ ਲੈਣੀਆਂ ਪੈਣਗੀਆਂ। ਇਸ ਪ੍ਰੋਜੈਕਟ ਵਿੱਚ ਜਹਾਜ਼ਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪੁਲਾਂ ਅਤੇ ਪਾਣੀ ਦੇ ਹੇਠਾਂ ਸੁਰੰਗਾਂ ਦਾ ਨਿਰਮਾਣ ਵੀ ਸ਼ਾਮਲ ਹੋ ਸਕਦਾ ਹੈ।


Baljit Singh

Content Editor

Related News