45 ਤੇ ਉਸ ਤੋਂ ਵੱਧ ਉਮਰ ਦਾ ਹਰ 5ਵਾਂ ਵਿਅਕਤੀ ਸ਼ੂਗਰ ਨਾਲ ਪੀੜਤ ਮਿਲਿਆ
Friday, Aug 08, 2025 - 11:10 PM (IST)

ਨਵੀਂ ਦਿੱਲੀ (ਭਾਸ਼ਾ)-ਭਾਰਤ ’ਚ 2019 ’ਚ 45 ਸਾਲ ਅਤੇ ਉਸ ਤੋਂ ਵੱਧ ਉਮਰ ਦਾ ਲੱਗਭਗ ਹਰ 5ਵਾਂ ਵਿਅਕਤੀ ਸ਼ੂਗਰ ਤੋਂ ਪੀੜਤ ਸੀ ਅਤੇ ਹਰ 5 ਵਿਚੋਂ 2 ਵਿਅਕਤੀਆਂ ਨੂੰ ਆਪਣੀ ਸਿਹਤ ਸਬੰਧੀ ਜਾਣਕਾਰੀ ਹੀ ਨਹੀਂ ਸੀ। ਭਾਰਤ ਦੇ ਬਾਲਗ ਲੋਕਾਂ ’ਤੇ ਕੀਤੇ ਗਏ ਇਕ ਅਧਿਐਨ ਦੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ‘ਦਿ ਲਾਂਸੇਟ ਗਲੋਬਲ ਹੈਲਥ’ ਵਿਚ ਪ੍ਰਕਾਸ਼ਿਤ ਖੋਜਾਂ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਜਿਵੇਂ-ਜਿਵੇਂ ਦੇਸ਼ ਦੀ ਆਬਾਦੀ ਤੇਜ਼ੀ ਨਾਲ ਬੁੱਢੀ ਹੁੰਦੀ ਜਾਵੇਗੀ, ਮੱਧ-ਉਮਰ ਅਤੇ ਬਜ਼ੁਰਗ ਲੋਕਾਂ ਵਿਚ ਸ਼ੂਗਰ ਦੇ ਮਾਮਲੇ ਵਧਣਗੇ। ਇਹ ਖੋਜ ਕਰਨ ਵਾਲਿਆਂ ਵਿਚ ਮੁੰਬਈ ਅਤੇ ਅਮਰੀਕਾ ਦੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਇੰਸਿਜ਼ ਦੇ ਖੋਜਕਾਰ ਵੀ ਸ਼ਾਮਲ ਸਨ। ਉਨ੍ਹਾਂ ਨੇ ਪਾਇਆ ਕਿ ਸ਼ੂਗਰ ਨੂੰ ਲੈ ਕੇ ਜਾਗਰੂਕ 46 ਫੀਸਦੀ ਲੋਕਾਂ ਨੇ ਬਲੱਡ ਸ਼ੂਗਰ ਦੇ ਪੱਧਰ ’ਤੇ ਕੰਟਰੋਲ ਪਾ ਲਿਆ ਅਤੇ ਲੱਗਭਗ 60 ਫੀਸਦੀ ਲੋਕ ਉਸੇ ਸਾਲ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਸਮਰੱਥ ਰਹੇ।
ਖੋਜਕਾਰਾਂ ਦੀ ਟੀਮ ਨੇ ਦੱਸਿਆ ਕਿ 6 ਫੀਸਦੀ ਲੋਕਾਂ ਨੇ ਦਿਲ ਸਬੰਧੀ ਰੋਗ ਦੇ ਜੋਖ਼ਮ ਨੂੰ ਘੱਟ ਕਰਨ ਲਈ ‘ਲਿਪਿਡ’ ਕੰਟਰੋਲ ਕਰਨ ਵਾਲੀ ਦਵਾਈ ਖਾਧੀ। ‘ਲਾਂਗਿਟੂਡੀਨਲ ਏਜਿੰਗ ਸਟੱਡੀ ਇਨ ਇੰਡੀਆ’ ਸਿਰਲੇਖ ਵਾਲੇ ਇਕ ਅਧਿਐਨ ਤਹਿਤ 2017 ਤੋਂ 2019 ਦੌਰਾਨ 45 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੱਗਭਗ 60,000 ਬਾਲਗਾਂ ਦਾ ਸਰਵੇਖਣ ਕੀਤਾ ਗਿਆ।