ਖਾਦ ਲਿਆ ਰਹੇ 4 ਜਹਾਜ਼ ਹੋਰਮੁਜ਼ ਤੋਂ ਲੰਘੇ, ਜਲਦ ਪਹੁੰਚਣਗੇ ਭਾਰਤ
Tuesday, Jun 23, 2026 - 02:17 PM (IST)
ਨਵੀਂ ਦਿੱਲੀ (ਏਜੰਸੀ)- ਰਸਾਇਣ ਅਤੇ ਖਾਦ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਯੂਰੀਆ, ਡੀ. ਏ. ਪੀ. ਅਤੇ ਸਲਫ਼ਰ ਲਿਆ ਰਹੇ 4 ਮਾਲਵਾਹਕ ਜਹਾਜ਼ ਹੁਣ ਭਾਰਤੀ ਬੰਦਰਗਾਹਾਂ ਵੱਲ ਵਧ ਰਹੇ ਹਨ। ਖਾਦ ਲਿਆ ਰਹੇ ਇਹ ਜਹਾਜ਼ ਪੱਛਮੀ ਏਸ਼ੀਆ ’ਚ ਜਾਰੀ ਤਣਾਅ ਦਰਮਿਆਨ ਹੋਰਮੁਜ਼ ਸਟ੍ਰੇਟ ਤੋਂ ਸਫ਼ਲਤਾਪੂਰਵਕ ਲੰਘੇ ਹਨ। ਇਹ ਜਹਾਜ਼ ਕ੍ਰਿਸ਼ਨਾਪੱਟਨਮ, ਕਾਕੀਨਾਡਾ, ਪਾਰਾਦੀਪ ਅਤੇ ਮੁੰਦਰਾ ਜਾ ਰਹੇ ਹਨ। ਉੱਥੇ ਪਹੁੰਚਣ ’ਤੇ ਸਾਉਣੀ ਸੀਜ਼ਨ ਤੋਂ ਪਹਿਲਾਂ ਖੇਤੀਬਾੜੀ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਮੌਜੂਦਾ ਖਾਦ ਭੰਡਾਰ ਨੂੰ ਵਧਾਉਣ ਲਈ ਕਾਰਗੋ ਨੂੰ ਉਤਾਰਿਆ ਜਾਵੇਗਾ।
ਮੰਤਰਾਲਾ ਨੇ ਕਿਹਾ ਕਿ 1 ਮਾਰਚ ਨੂੰ ਸੰਕਟ ਸ਼ੁਰੂ ਹੋਣ ਤੋਂ ਬਾਅਦ ਘਰੇਲੂ ਖਾਦ ਉਤਪਾਦਨ 133.12 ਲੱਖ ਟਨ ਤੱਕ ਪਹੁੰਚ ਗਿਆ ਹੈ, ਜਦੋਂ ਕਿ ਦਰਾਮਦ 43.69 ਲੱਖ ਟਨ ਰਹੀ ਹੈ। ਬਿਆਨ ਅਨੁਸਾਰ, ਭਾਰਤ ਨੇ ਆਪਣੇ ਹਾਲ ਹੀ ਦੇ ਗਲੋਬਲ ਟੈਂਡਰ ’ਚ 17.70 ਲੱਖ ਟਨ ਯੂਰੀਆ ਦਾ ਇਕਰਾਰਨਾਮਾ ਵੀ ਸਹੀਬੱਧ ਕੀਤਾ ਹੈ।
