ਦਿੱਲੀ ’ਚ ਵਾਪਰਿਆ ਭਿਆਨਕ ਹਾਦਸਾ, ਫੁੱਟਪਾਥ ’ਤੇ ਸੌਂ ਰਹੇ ਲੋਕਾਂ ਨੂੰ ਟਰੱਕ ਨੇ ਕੁਚਲਿਆ, 4 ਦੀ ਮੌਤ

09/21/2022 10:15:30 AM

ਨਵੀਂ ਦਿੱਲੀ- ਦਿੱਲੀ ਦੇ ਸੀਮਾਪੁਰੀ ਇਲਾਕੇ ’ਚ ਫੁੱਟਪਾਥ ’ਤੇ ਸੌਂ ਰਹੇ 6 ਲੋਕਾਂ ਨੂੰ ਇਕ ਤੇਜ਼ ਰਫ਼ਤਾਰ ਟਰੱਕ ਨੇ ਕੁਚਲ ਦਿੱਤਾ, ਜਿਸ ’ਚ 4 ਲੋਕਾਂ ਦੀ ਮੌਤ ਹੋ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਹਾਦਸਾ ਤੜਕੇ 1.51 ਵਜੇ ਵਾਪਰਿਆ। ਅਧਿਕਾਰੀ ਨੇ ਕਿਹਾ ਕਿ ਸਾਨੂੰ ਫੋਨ ’ਤੇ ਸੂਚਨਾ ਮਿਲੀ ਕਿ ਡੀ. ਟੀ. ਸੀ. ਡਿਪੋ ਰੈੱਡ ਲਾਈਟ ਨੂੰ ਪਾਰ ਕਰਦੇ ਹੋਏ ਅਤੇ ਡੀ. ਐੱਲ. ਐੱਫ. ਟੀ-ਪੁਆਇੰਟ ਵੱਲ ਜਾ ਰਿਹਾ ਇਕ ਟਰੱਕ ਫੁੱਟਪਾਥ ’ਤੇ ਸੌਂ ਰਹੇ ਕਈ ਲੋਕਾਂ ਨੂੰ ਕੁਚਲ ਗਿਆ। ਡਰਾਈਵਰ ਤੇਜ਼ ਰਫ਼ਤਾਰ ਨਾਲ ਟਰੱਕ ਨੂੰ ਚਲਾ ਰਿਹਾ ਸੀ। ਹਾਲਾਂਕਿ ਡਰਾਈਵਰ ਦੌੜਨ ’ਚ ਸਫ਼ਲ ਰਿਹਾ। 

ਸੂਚਨਾ ਮਿਲਣ ਮਗਰੋਂ ਇਕ ਟੀਮ ਨੂੰ ਤੁਰੰਤ ਘਟਨਾ ਵਾਲੀ ਥਾਂ ’ਤੇ ਭੇਜਿਆ ਗਿਆ। ਅਧਿਕਾਰੀ ਨੇ ਕਿਹਾ ਕਿ 6 ’ਚੋਂ 4 ਲੋਕਾਂ ਨੂੰ ਤੁਰੰਤ ਜੀ. ਟੀ. ਬੀ. ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਕਿਹਾ ਕਿ 2 ਲੋਕਾਂ ਦੀ ਮੌਕੇ ਦੀ ਮੌਤ ਹੋ ਗਈ, ਇਕ ਨੂੰ ਹਸਪਤਾਲ ’ਚ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਚੌਥੇ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਮ੍ਰਿਤਕਾਂ ਦੀ ਪਛਾਣ ਕਰੀਮ (52), ਛੋਟੇ ਖਾਨ (25), ਸ਼ਾਹ ਆਲਮ (38) ਅਤੇ ਰਾਹੁਲ (45) ਦੇ ਰੂਪ ’ਚ ਹੋਈ ਹੈ, ਜੋ ਸੀਮਾਪੁਰੀ ਦੇ ਰਹਿਣ ਵਾਲੇ ਹਨ। ਜ਼ਖਮੀਆਂ ਦੀ ਪਛਾਣ ਮਨੀਸ਼ ਅਤੇ ਪ੍ਰਦੀਪ ਦੇ ਰੂਪ ’ਚ ਹੋਈ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ ਟਰੱਕ ਡਰਾਈਵਰ ਦਾ ਪਤਾ ਲਾਉਣ ਲਈ ਟੀਮਾਂ ਦਾ ਗਠਨ ਕੀਤਾ ਹੈ। ਇਸ ਬਾਬਤ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ।


Tanu

Content Editor

Related News