‘ਚੋਣ ਧੋਖਾਦੇਹੀ’ ਨੂੰ ਲੈ ਕੇ ਸੰਸਦ ’ਚ ਡੈੱਡਲਾਕ, ਇਨਕਮ ਟੈਕਸ ਸਮੇਤ 4 ਬਿੱਲਾਂ ਨੂੰ ਮਨਜ਼ੂਰੀ
Tuesday, Aug 12, 2025 - 10:14 AM (IST)

ਨੈਸ਼ਨਲ ਡੈਸਕ : ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ਅਤੇ ਕਥਿਤ ‘ਚੋਣ ਧੋਖਾਦੇਹੀ’ ਦੇ ਮੁੱਦੇ ’ਤੇ ਲੋਕ ਸਭਾ ’ਚ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਡੈੱਡਲਾਕ ਜਾਰੀ ਰਹੀ। ਹਾਲਾਂਕਿ ਸਦਨ ਨੇ ਇਨਕਮ ਟੈਕਸ ਬਿੱਲ ਸਮੇਤ 4 ਮਹੱਤਵਪੂਰਨ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨ ਤੋਂ ਬਾਅਦ ਮੰਗਲਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਵਿਚ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰ ਬਿਹਾਰ ਵਿਚ ਐੱਸ.ਆਈ.ਆਰ. ਦੇ ਮੁੱਦੇ ’ਤੇ ਚਰਚਾ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕਰ ਰਹੇ ਹਨ।
ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਕਰਨ ਤੋਂ ਬਾਅਦ ਦੁਪਹਿਰ 2 ਵਜੇ ਫਿਰ ਸ਼ੁਰੂ ਹੋਣ ’ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਨਕਮ ਟੈਕਸ (ਨੰਬਰ 2) ਬਿੱਲ, 2025 ਅਤੇ ਟੈਕਸੇਸ਼ਨ ਕਾਨੂੰਨ (ਸੋਧ) ਬਿੱਲ, 2025 ਪੇਸ਼ ਕੀਤਾ। ਖਾਨ ਮੰਤਰੀ ਜੀ ਕਿਸ਼ਨ ਰੈੱਡੀ ਨੇ ਖਾਨਾਂ ਅਤੇ ਖਣਿੱਜ (ਵਿਕਾਸ ਅਤੇ ਨਿਯਮ) ਸੋਧ ਬਿੱਲ, 2025 ਪੇਸ਼ ਕੀਤਾ। ਇਸ ਤੋਂ ਬਾਅਦ ਰਾਸ਼ਟਰੀ ਖੇਡ ਸ਼ਾਸਨ ਬਿੱਲ, 2025 ਅਤੇ ਨੈਸ਼ਨਲ ਐਂਟੀ ਡੋਪਿੰਗ (ਸੋਧ) ਬਿੱਲ, 2025 ਪੇਸ਼ ਕੀਤੇ ਗਏ ਅਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਦੌਰਾਨ ਸਾਰੇ ਬਿੱਲਾਂ ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਓਧਰ, ਬਿਹਾਰ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ.ਆਈ.ਆਰ.) ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ। ਡਿਪਟੀ ਚੇਅਰਮੈਨ ਹਰੀਵੰਸ਼ ਨੇ ਕਿਹਾ ਕਿ ਹੰਗਾਮੇ ਕਾਰਨ ਸਦਨ ਦਾ 62 ਘੰਟੇ 25 ਮਿੰਟ ਦਾ ਸਮਾਂ ਬਰਬਾਦ ਹੋਇਆ ਹੈ। ਕੁਝ ਮੈਂਬਰਾਂ ਨੇ ਬਿੱਲੇ ਲਾਏ ਹੋਏ ਸਨ, ਜਿਸ ’ਤੇ ਇਤਰਾਜ਼ ਪ੍ਰਗਟਾਉਂਦਿਆਂ ਡਿਪਟੀ ਚੇਅਰਮੈਨ ਨੇ ਕਿਹਾ ਕਿ ਸਦਨ ’ਚ ਬਿੱਲੇ ਲਾ ਕੇ ਆਉਣਾ ਸਦਨ ਦੇ ਕੰਮਕਾਜ ਦੀ ਰਵਾਇਤ ਮੁਤਾਬਕ ਨਹੀਂ ਹੈ। ਕਿਰਪਾ ਕਰ ਕੇ ਬਿੱਲੇ ਉਤਾਰ ਕੇ ਸਦਨ ਵਿਚ ਆਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8