POK ’ਚ 15 ਦਿਨਾਂ ਵਿਚ ਬਣੇ 3 ਨਵੇਂ ਅੱਤਵਾਦੀ ਕੈਂਪ, ਘੁਸਪੈਠ ਦੀ ਤਿਆਰੀ ’ਚ ਉੜੀ ’ਚ ਹਲਚਲ
Wednesday, Sep 22, 2021 - 02:48 PM (IST)
ਨਵੀਂ ਦਿੱਲੀ- ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਪਾਕਿ-ਅਧਿਕਾਰਤ ਕਸ਼ਮੀਰ ਵਿਚ ਸਥਿਤ ਅੱਤਵਾਦੀ ਕੈਂਪਾਂ ਵਿਚ ਹਲਚਲ ਵਧ ਗਈ ਹੈ। ਪਾਕਿਸਤਾਨ ਵਿਚ ਬੈਠੇ ਮਾਸਟਰ ਮਾਈਂਡ ਭਾਰਤ ਵਿਚ ਅੱਤਵਾਦੀਆਂ ਨੂੰ ਘੁਸਪੈਠ ਕਰਵਾਉਣ ਦੀਆਂ ਸਾਜ਼ਿਸ਼ਾਂ ਵਿਚ ਲੱਗ ਗਏ ਹਨ। ਪਿਛਲੇ 15 ਦਿਨਾਂ ਵਿਚ ਸਰਹੱਦ ਪਾਰ ਤੋਂ 3 ਨਵੇਂ ਅੱਤਵਾਦੀ ਕੈਂਪਾਂ ਨੂੰ ਸਰਗਰਮ ਕੀਤਾ ਗਿਆ ਹੈ ਜਿਸ ਨਾਲ ਹੁਣ ਉਨ੍ਹਾਂ ਦੀ ਗਿਣਤੀ 17 ਤੋਂ ਵਧ ਕੇ 20 ਹੋ ਗਈ ਹੈ।
ਸੁਰੱਖਿਆ ਏਜੰਸੀਆਂ ਨਾਲ ਜੁ਼ੜੇ ਇਕ ਅਧਿਕਾਰੀ ਮੁਤਾਬਕ ਭਾਰਤ-ਪਾਕਿਸਤਾਨ ਵਿਚਾਲੇ ਫਰਵਰੀ ਵਿਚ ਹੋਏ ਸੀਜਫਾਇਰ ਤੋਂ ਬਾਅਦ ਪਾਕਿਸਤਾਨ ਦੀ ਖੁਫੀਆ ਏਜੰਸੀ ਇਕ ਵਾਰ ਫਿਰ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਵਿਚ ਘੁਸਪੈਠ ਕਰਵਾਉਣ ਦੀ ਸਾਜ਼ਿਸ਼ਾਂ ਰੱਚਣ ਲੱਗੀ ਹੈ। 18-19 ਸਤੰਬਰ ਦੀ ਰਾਤ ਵਿਚ ਕੰਟਰੋਲ ਲਾਈਨ ਨਾਲ ਲਗਦੇ ਉੜੀ ਵਿਚ 6 ਅੱਤਵਾਦੀਆਂ ਦੇ ਘੁਸਪੈਠ ਦੀ ਜਾਣਕਾਰੀ ਮਿਲਣ ਤੋਂ ਬਾਅਦ ਫੌਜ ਪਿਛਲੇ 2 ਦਿਨਾਂ ਤੋਂ ਲਗਾਤਾਰ ਸਰਚ ਆਪ੍ਰੇਸ਼ਨ ਵਿਚ ਲੱਗੀ ਹੋਈ ਹੈ। ਇਨ੍ਹਾਂ ਅੱਤਵਾਦੀਆਂ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਅਜਿਹੇ ਹੀ ਅੱਤਵਾਦੀ ਕੈਂਪਾਂ ਤੋਂ ਟਰੇਨਿੰਗ ਲੈ ਕੇ ਜੰਮੂ-ਕਸ਼ਮੀਰ ਵਿਚ ਵੱਡਾ ਅੱਤਵਾਦੀ ਹਮਲਾ ਕਰਨ ਲਈ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਹਨ।