MP: ਉਪ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ, 3 ਮਹੀਨਿਆਂ ਦੇ ਬਿਜਲੀ ਬਿੱਲ 50 ਫੀਸਦੀ ਮੁਆਫ

Tuesday, Jun 23, 2020 - 10:06 PM (IST)

ਭੋਪਾਲ (ਅਨਸ) : ਮੱਧ ਪ੍ਰਦੇਸ਼ 'ਚ ਰਾਜ ਸਭਾ ਚੋਣਾਂ ਲਈ ਵੋਟਿੰਗ ਤੋਂ ਬਾਅਦ ਪ੍ਰਦੇਸ਼ ਭਾਜਪਾ ਸਰਕਾਰ ਉਪ ਚੋਣਾਂ ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਲਈ ਨਵੀਂਆਂ-ਨਵੀਂਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਸੀ.ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਕੋਰੋਨਾ ਵਾਇਰਸ ਕਾਰਣ ਲੱਗੇ ਲਾਕਡਾਊਨ ਦੌਰਾਨ ਮੰਦੀ ਦਾ ਸਾਹਮਣਾ ਕਰ ਰਹੇ ਪ੍ਰਦੇਸ਼ ਦੇ ਬਿਜਲੀ ਉਪਭੋਗਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਬਿਜਲੀ ਉਪਭੋਗਤਾਵਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਸਿੱਧੇ ਗੱਲਬਾਤ ਕਰਦੇ ਹੋਏ 3 ਮਹੀਨੇ ਦੇ ਬਿਜਲੀ ਬਿੱਲ 50 ਫੀਸਦੀ ਮੁਆਫ ਕਰਣ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਉਪਭੋਗਤਾਵਾਂ ਨੂੰ 100 ਤੋਂ 400 ਰੁਪਏ ਤੱਕ ਬਿਜਲੀ ਬਿੱਲ ਆਇਆ ਹੈ, ਉਨ੍ਹਾਂ ਨੂੰ ਸਿਰਫ 100 ਰੁਪਏ ਬਿਜਲੀ ਬਿੱਲ ਦੇਣਾ ਹੋਵੇਗਾ। ਜਿਨ੍ਹਾਂ ਲੋਕਾਂ ਦਾ ਬਿੱਲ 400 ਰੁਪਏ ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਵੀ ਅੱਧੀ ਰਕਮ ਹੀ ਦੇਣੀ ਹੋਵੇਗੀ। ਸੀ.ਐੱਮ. ਨੇ ਇਹ ਨਿਰਦੇਸ਼ ਵੀ ਦਿੱਤਾ ਕਿ ਜਿਨ੍ਹਾਂ ਉਪਭੋਗਤਾਵਾਂ ਦਾ ਅਪ੍ਰੈਲ ਮਹੀਨੇ 'ਚ 100 ਰੁਪਏ ਬਿੱਲ ਆਇਆ ਹੈ, ਉਨ੍ਹਾਂ ਤੋਂ ਮਈ, ਜੂਨ ਅਤੇ ਜੁਲਾਈ ਮਹੀਨਿਆਂ 'ਚ ਸਿਰਫ 50 ਰੁਪਏ ਹੀ ਬਿਜਲੀ ਬਿੱਲ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ 'ਚ ਮੁਆਫ ਕੀਤੀ ਗਈ ਰਕਮ ਦਾ ਭਾਰ ਪ੍ਰਦੇਸ਼ ਸਰਕਾਰ ਚੁੱਕੇਗੀ।

56 ਲੱਖ ਉਪਭੋਗਤਾਵਾਂ ਨੂੰ ਲਾਭ
ਸੀ.ਐੱਮ. ਦੇ ਇਨ੍ਹਾਂ ਐਲਾਨਾਂ ਦਾ ਪ੍ਰਦੇਸ਼ ਦੇ 56 ਲੱਖ ਬਿਜਲੀ ਉਪਭੋਗਤਾਵਾਂ ਨੂੰ ਲਾਭ ਹੋਵੇਗਾ। ਉਪਭੋਗਤਾਵਾਂ ਨੂੰ ਬਿੱਲ ਦੀ ਰਾਸ਼ੀ 'ਚ ਛੋਟ ਨਾਲ ਕਰੀਬ 255 ਕਰੋਡ਼ ਰੁਪਏ ਦਾ ਲਾਭ ਹੋਵੇਗਾ, ਜਿਸ ਨੂੰ ਸੂਬਾ ਸਰਕਾਰ ਸਹਿਣ ਕਰੇਗੀ।

ਕਾਂਗਰਸ ਸਰਕਾਰ 'ਤੇ ਲਗਾਇਆ ਜ਼ਿਆਦਾ ਬਿੱਲ ਫੜਾਉਣ ਦਾ ਦੋਸ਼
ਸੀ.ਐੱਮ. ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਦੇ ਚੱਲਦੇ ਪ੍ਰਦੇਸ਼ ਦੇ ਉਪਭੋਗਤਾਵਾਂ ਨੂੰ ਕਾਫੀ ਜ਼ਿਆਦਾ ਬਿਜਲੀ ਦੇ ਬਿੱਲ ਆਉਣ ਲੱਗੇ ਸਨ। ਲਾਕਡਾਊਨ 'ਚ ਬਿਨਾਂ ਰੀਡਿੰਗ ਲਏ ਉਪਭੋਗਤਾਵਾਂ ਨੂੰ ਪਿਛਲੇ ਸਾਲ ਦੀ ਰੀਡਿੰਗ ਦੇ ਆਧਾਰ 'ਤੇ ਬਿੱਲ ਫੜਾ ਦਿੱਤੇ ਗਏ ਸਨ। ਇਸ ਦੇ ਕਾਰਨ ਲੋਕਾਂ 'ਚ ਗੁੱਸਾ ਪੈਦਾ ਹੋ ਰਿਹਾ ਸੀ। ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਸਮਝਦੇ ਹੋਏ ਉਨ੍ਹਾਂ ਨੂੰ ਬਿੱਲ 'ਚ ਰਾਹਤ ਦੇਣ ਦਾ ਐਲਾਨ ਕੀਤਾ ਹੈ।
 


Inder Prajapati

Content Editor

Related News